ਕਰੋਨਾ: ਪੰਜਾਬ ’ਚ ਭਲਕ ਤੋਂ ਮੁੜ ਪਾਬੰਦੀਆਂ
ਕੋਵਿਡ-19 ਦੇ ਸਮਾਜਿਕ ਫੈਲਾਅ ਦੇ ਖਤਰੇ ਦੇ ਡਰੋਂ ਪੰਜਾਬ ਵਿੱਚ ਸ਼ਨਿਚਰਵਾਰ ਤੋਂ ਮੁੜ ਪਾਬੰਦੀਆਂ ਲੱਗਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਜਿਕ ਫੈਲਾਅ ਦਾ ਖਤਰਾ ਭਾਂਪਦਿਆਂ ਲੌਕਡਾਊਨ ਦੀ ਵਾਪਸੀ ਦਾ ਰਾਹ ਖੋਲ੍ਹ ਦਿੱਤਾ ਹੈ। ਮਾਹਿਰਾਂ ਤੋਂ ਸੰਕੇਤ ਮਿਲੇ ਹਨ ਕਿ ਅਗਸਤ ਦੇ ਅਖੀਰ ‘ਚ ਮਹਾਮਾਰੀ ਦਾ ਸਿਖਰ ਹੋ ਸਕਦਾ ਹੈ। ਮੁੱਖ ਮੰਤਰੀ ਨੇ ਹਫਤੇ ਦੇ ਆਖਰੀ ਦਿਨਾਂ ਅਤੇ ਜਨਤਕ ਛੁੱਟੀ ਵਾਲੇ ਦਿਨਾਂ ਵਿੱਚ ਸਖਤੀ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦਿਨਾਂ ‘ਚ ਕੇਵਲ ਈ-ਪਾਸ ਧਾਰਕਾਂ ਨੂੰ ਹੀ ਆਉਣ-ਜਾਣ ਦੀ ਆਗਿਆ ਹੋਵੇਗੀ। ਮੁੱਖ ਮੰਤਰੀ ਨੇ ਸਮਾਜਿਕ ਫੈਲਾਅ ਨੂੰ ਠੱਲ੍ਹਣ ਅਤੇ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਵੀਡੀਓ ਕਾਨਫਰੰਸ ਜ਼ਰੀਏ ਨਿਰਦੇਸ਼ ਜਾਰੀ ਕੀਤੇ ਹਨ।
ਇੰਝ ਜਾਪਦਾ ਹੈ ਕਿ ਪੰਜਾਬ ਵਿੱਚ ਲੌਕਡਾਊਨ ਸਖਤ ਬੰਦਸ਼ਾਂ ਸਮੇਤ ਲਾਗੂ ਹੋ ਸਕਦਾ ਹੈ। ਮੁੱਖ ਮੰਤਰੀ ਨੇ ਹਦਾਇਤ ਕੀਤੀ ਹੈ ਕਿ ਮੈਡੀਕਲ ਸਟਾਫ ਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਨਾਗਰਿਕਾਂ ਨੂੰ ਹਫਤੇ ਦੇ ਆਖਰੀ ਦਿਨਾਂ ਅਤੇ ਛੁੱਟੀ ਵਾਲੇ ਦਿਨ ਆਉਣ-ਜਾਣ ਲਈ ‘ਕੋਵਾ’ ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਹੋਵੇਗਾ। ਉਦਯੋਗਾਂ ਨੂੰ ਇਸ ਮਾਮਲੇ ਵਿੱਚ ਛੋਟ ਦਿੱਤੀ ਗਈ ਹੈ। ਸਰਕਾਰ ਨੇ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਾਊਣ ਦਾ ਫੈਸਲਾ ਕੀਤਾ ਹੈ।
ਸਰਕਾਰ ਸਖ਼ਤ ਬੰਦਸ਼ਾਂ ਨਾਲ ਹੀ ਮਹਾਮਾਰੀ ਨੂੰ ਟੱਕਰ ਦੇਣ ਦਾ ਇੱਕੋ ਰਸਤਾ ਮੰਨ ਰਹੀ ਹੈ ਕਿਉਂਕਿ ਆਉਂਦੇ ਦਿਨਾਂ ਵਿੱਚ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ‘ਮਿਸ਼ਨ ਫਤਹਿ’ ਤਹਿਤ ਟੈਸਟਿੰਗ ਵਧਾਉਣ ਅਤੇ ਜਲਦ ਤੋਂ ਜਲਦ ਮਰੀਜ਼ਾਂ ਦੀ ਪਛਾਣ ਕਰਨਾ ਇਸ ਸੰਕਟ ਦੇ ਹੱਲ ਦੀ ਚਾਬੀ ਹੈ। ਚਾਰ ਹੋਰ ਟੈਸਟਿੰਗ ਲੈਬਾਂ ਜਲਦ ਚਾਲੂ ਹੋ ਜਾਣਗੀਆਂ।
ਦਿੱਲੀ ਤੋਂ ਆਊਣ ਵਾਲਿਆਂ ’ਤੇ ਹੋਵੇਗੀ ਸਖ਼ਤੀ
ਮੁੱਖ ਮੰਤਰੀ ਨੇ ਸਿਹਤ ਮਾਹਿਰਾਂ ਨੂੰ ਕਿਹਾ ਹੈ ਕਿ ਕੌਮੀ ਰਾਜਧਾਨੀ ਦਿੱਲੀ ਤੋਂ ਆਉਣ ਵਾਲਿਆਂ ਲਈ ਟੈਸਟ ਸਰਟੀਫਿਕੇਟ ਲਾਜ਼ਮੀ ਕੀਤਾ ਜਾਵੇ। ਦਿੱਲੀ ਤੋਂ ਆਊਣ ਵਾਲਿਆਂ ‘ਤੇ ਸਖਤ ਰੋਕਾਂ ਲਾਏ ਜਾਣ ਦਾ ਫੈਸਲਾ ਕੀਤਾ ਹੈ ਕਿਉਂਕਿ ਦਿੱਲੀ ਤੋਂ ਰੋਜ਼ਾਨਾ ਔਸਤਨ 500 ਤੋਂ 800 ਵਾਹਨ ਆਉਂਦੇ ਹਨ। ਵੱਡੇ ਇਕੱਠ ਰੋਕਣ ਦੀ ਡੀ.ਜੀ.ਪੀ. ਨੂੰ ਹਦਾਇਤ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਕੇਸਾਂ ਦੇ ਦੁੱਗਣੇ ਹੋਣ ਦੇ ਸਮੇਂ ਵਿੱਚ ਆਏ ਵਿਗਾੜ ਨੂੰ ਵੇਖਣ ਮਗਰੋਂ ਫਿਕਰਮੰਦ ਨਜ਼ਰ ਆਏ ਹਨ। ਸਿਹਤ ਵਿਭਾਗ ਵੱਲੋਂ ਪੇਸ਼ ਕੀਤੇ ਅਨੁਮਾਨਾਂ ਅਨੁਸਾਰ ਸੂਬੇ ਅੰਦਰ ਇਸ ਮਹਾਮਾਰੀ ਦੀ ਸਿੱਖਰ ਹਾਲੇ ਆਉਣਾ ਹੈ ਅਤੇ ਜੇਕਰ ਕੇਸਾਂ ਦੇ ਦੁੱਗਣੇ ਹੋਣ ਦੀ ਸਮਾਂ ਸੀਮਾਂ ਘਟਣ ਦਾ ਇਹ ਰੁਝਾਨ ਰਿਹਾ ਤਾਂ ਇਹ ਅਗਸਤ ਦੇ ਅੰਤ ਵਿੱਚ ਵਾਪਰੇਗਾ।