ਕਰੋਨਾਵਾਇਰਸ: ਇਕ ਦਿਨ ’ਚ ਸਭ ਤੋਂ ਵੱਧ 18,552 ਕੇਸ ਆਏ ਸਾਹਮਣੇ
ਕਰੋਨਾਵਾਇਰਸ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਚਾਰ ਲੱਖ ਦਰਜ ਕੀਤੇ ਜਾਣ ਤੋਂ ਹਫ਼ਤੇ ਬਾਅਦ ਅੱਜ ਪੰਜ ਲੱਖ ਤੋਂ ਟੱਪ ਗਈ ਹੈ। ਇਸ ਦੌਰਾਨ ਇਕ ਦਿਨ ਵਿੱਚ ਅੱਜ ਤੱਕ ਦੇ ਸਭ ਤੋਂ ਵੱਧ 18,552 ਕੇਸ ਦਰਜ ਕੀਤੇ ਗਏ ਜਦੋਂਕਿ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 15,685 ਤੱਕ ਪਹੁੰਚ ਗਈ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸ਼ਨਿਚਰਵਾਰ ਨੂੰ ਸਵੇਰੇ 8 ਵਜੇ ਤੱਕ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 5,08,953 ਹੋ ਗਈ ਜਦੋਂਕਿ ਪਿਛਲੇ 24 ਘੰਟਿਆਂ ਵਿੱਚ 384 ਮੌਤਾਂ ਦਰਜ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਲਾਗ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੱਕ ਪਹੁੰਚਣ ਵਿੱਚ 110 ਦਿਨ ਲੱਗੇ ਸਨ ਜਦੋਂਕਿ ਇਹ ਅੰਕੜਾ ਪੰਜ ਲੱਖ ਤੱਕ ਪਹੁੰਚਣ ਵਿੱਚ ਸਿਰਫ਼ 39 ਦਿਨ ਲੱਗੇ। ਇਹ ਲਗਾਤਾਰ ਚੌਥਾ ਦਿਨ ਹੈ ਜੋ ਮਰੀਜ਼ਾਂ ਦੀ ਗਿਣਤੀ ਇਕ ਦਿਨ ਵਿੱਚ 15 ਹਜ਼ਾਰ ਤੋਂ ਵੱਧ ਰਹੀ ਹੈ। ਪਹਿਲੀ ਜੂਨ ਤੋਂ ਲੈ ਕੇ 27 ਜੂਨ ਤੱਕ 3,18,418 ਨਵੇਂ ਕੇਸ ਸਾਹਮਣੇ ਆਏ ਹਨ। ਇਸ ਵੇਲੇ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1,97,387 ਹੈ ਜਦੋਂਕਿ 2,95,880 ਮਰੀਜ਼ ਤੰਦਰੁਸਤ ਹੋ ਚੁੱਕੇ ਹਨ ਅਤੇ ਇਕ ਮਰੀਜ਼ ਪਰਵਾਸ ਕਰ ਚੁੱਕਿਆ ਹੈ। ਹੁਣ ਤੱਕ ਕਰੀਬ 58.13 ਫ਼ੀਸਦੀ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ਕੁੱਲ ਕੇਸਾਂ ਵਿੱਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਭਾਰਤੀ ਮੈਡੀਕਲ ਖੋਜ ਕੌਂਸਲ ਅਨੁਸਾਰ 26 ਜੂਨ ਤੱਕ ਕੁੱਲ 79,96,707 ਸੈਂਪਲ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ ਇਕ ਦਿਨ ’ਚ ਸਭ ਤੋਂ ਵੱਧ 2,20,479 ਸੈਂਪਲ ਇਕੱਲੇ ਸ਼ੁੱਕਰਵਾਰ ਨੂੰ ਟੈਸਟ ਕੀਤੇ ਗਏ। ਉੱਧਰ, ਪੀਟੀਆਈ ਵੱਲੋਂ ਰਾਜਾਂ ਤੇ ਯੂਟੀਜ਼ ਦੀਆਂ ਸਰਕਾਰਾਂ ਤੋਂ ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਸ਼ਨਿਚਰਵਾਰ ਰਾਤ 9.10 ਵਜੇ ਤੱਕ ਕਰੋਨਾਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 5,19,837 ਤੱਕ ਪਹੁੰਚ ਗਈ ਜਦੋਂਕਿ ਮਹਾਮਾਰੀ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ 16088 ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਤੱਕ 308951 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।