ਕਰੋਨਾਵਾਇਰਸ: ਕੇਰਲਾ ਦੇ 17 ਮਛੇਰੇ ਇਰਾਨ ’ਚ ਫਸੇ

ਕਰੋਨਾਵਾਇਰਸ: ਕੇਰਲਾ ਦੇ 17 ਮਛੇਰੇ ਇਰਾਨ ’ਚ ਫਸੇ

ਇਰਾਨ ਤੋਂ ਭੇਜੀ ਇੱਕ ਵੀਡੀਓ ਰਾਹੀਂ ਪਤਾ ਲੱਗਾ ਹੈ ਕਿ ਇਰਾਨ ’ਚ ਕਰੋਨਾਵਾਇਰਸ ਕਾਰਨ ਫਸੇ ਸੈਂਕੜੇ ਲੋਕਾਂ ’ਚ ਕੇਰਲਾ ਦੇ ਲਗਪਗ 17 ਮਛੇਰੇ ਵੀ ਸ਼ਾਮਲ ਹਨ। ਇਹ ਮਛੇਰੇ ਵਿਜ਼ਹਿਨਜਮ, ਪੂਵਾਰ ਅਤੇ ਪੌਜ਼ੀਯੂਰ ਪਿੰਡਾਂ ਨਾਲ ਸਬੰਧਤ ਹਨ। ਸੂਬੇ ਦੇ ਮੱਛੀ ਪਾਲਣ ਮੰਤਰੀ ਜੇ. ਮਰਸੀਕੁੱਟੀ ਨੇ ਮੀਡੀਆ ਦੇ ਹਵਾਲੇ ਨਾਲ ਇਸ ਵੀਡੀਓ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ,‘ਇਰਾਨ ’ਚ ਕਰੋਨਾਵਾਇਰਸ ਕਾਰਨ ਫਸੇ ਭਾਰਤੀ ਮਛੇਰਿਆਂ ’ਚ ਕੇਰਲਾ ਨਾਲ ਸਬੰਧਤ ਮਛੇਰੇ ਵੀ ਹਨ, ਜੋ ਕਿ ਉੱਥੇ ਲੱਗੀਆਂ ਬੰਦਿਸ਼ਾਂ ਕਾਰਨ ਬਾਹਰ ਨਿਕਲਣ ਤੋਂ ਅਸਮਰੱਥ ਹਨ। ਅਸੀਂ ਇਨ੍ਹਾਂ ਦੇ ਪਰਿਵਾਰਾਂ ਨੂੰ ਇਨ੍ਹਾਂ ਦੀ ਜਾਣਕਾਰੀ ਨੋਰਕਾ ਦਫ਼ਤਰ ਨੂੰ ਦੇਣ ਲਈ ਕਿਹਾ ਹੈ ਜੋ ਕਿ ਇਹ ਜਾਣਕਾਰੀ ਭਾਰਤੀ ਸਫ਼ਾਰਤਖਾਨੇ ਨੂੰ ਦੇਵੇਗਾ। ਸੂਬਾ ਸਰਕਾਰ ਵੱਲੋਂ ਇਸ ਮਾਮਲੇ ਬਾਰੇ ਕੇਂਦਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ।’ ਰਾਜ ਮੰਤਰੀ ਵੀ. ਮੁਰਲੀਧਰਨ ਨੇ ਦੱਸਿਆ ਕਿ ਇਰਾਨ ਵਿੱਚ ਕਰੋਨਾਵਾਇਰਸ ਕਾਰਨ ਫਸੇ ਮਛੇਰਿਆਂ ਸਮੇਤ ਸਾਰੇ ਭਾਰਤੀਆਂ ਬਾਰੇ ਸਰਕਾਰ ਨੂੰ ਰਿਪੋਰਟਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਸਲੇ ’ਤੇ ਤਹਿਰਾਨ ਵਿੱਚ ਸਥਿਤ ਭਾਰਤੀ ਸਫ਼ਾਰਤਖਾਨਾ ਸਥਾਨਕ ਅਧਿਕਾਰੀਆਂ ਦੇ ਸੰਪਰਕ ’ਚ ਹੈ। ਇਰਾਨ ’ਚ ਭਾਰਤ ਦੇ ਰਾਜਦੂਤ ਗੱਦਾਮ ਧਰਮੇਂਦਰ ਨੇ ਦੱਸਿਆ ਕਿ ਘਰ ਵਾਪਸ ਆਉਣ ਦੇ ਚਾਹਵਾਨ ਭਾਰਤੀਆਂ ਦੀ ਵਾਪਸੀ ਸੁਖਾਲੀ ਕਰਨ ਲਈ ਅਧਿਕਾਰੀ ਯਤਨਸ਼ੀਲ ਹਨ ਤੇ ਸਰਕਾਰ ਨਾਲ ਇਸ ਮਾਮਲੇ ਬਾਰੇ ਗੱਲਬਾਤ ਚੱਲ ਰਹੀ ਹੈ।

Radio Mirchi