ਕਰੋਨਾਵਾਇਰਸ: ਚੀਨੀ ਯਾਤਰੂਆਂ ਲਈ ਈ-ਵੀਜ਼ਾ ਸਹੂਲਤ ਮੁਅੱਤਲ

ਕਰੋਨਾਵਾਇਰਸ: ਚੀਨੀ ਯਾਤਰੂਆਂ ਲਈ ਈ-ਵੀਜ਼ਾ ਸਹੂਲਤ ਮੁਅੱਤਲ

ਕਰੋਨਾਵਾਇਰਸ ਮਹਾਂਮਾਰੀ ਦਾ ਘੇਰਾ ਵਧਣ ਮਗਰੋਂ ਭਾਰਤ ਨੇ ਅੱਜ ਇਹਤਿਆਤੀ ਕਦਮ ਵਜੋਂ ਚੀਨੀ ਯਾਤਰੂਆਂ ਤੇ ਚੀਨ ਵਿੱਚ ਰਹਿੰਦੇ ਹੋਰਨਾਂ ਵਿਦੇਸ਼ੀਆਂ ਲਈ ਈ-ਵੀਜ਼ਾ ਸਹੂਲਤ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀ ਹੈ। ਕਰੋਨਾਵਾਇਰਸ ਕਰ ਕੇ ਹੁਣ ਤੱਕ ਇਕੱਲੇ ਚੀਨ ਵਿੱਚ 305 ਲੋਕਾਂ ਦੀ ਜਾਨ ਜਾਂਦੀ ਰਹੀ ਹੈ। 14 ਹਜ਼ਾਰ ਤੋਂ ਵੱਧ ਲੋਕ ਇਸ ਮਹਾਮਾਰੀ ਦੀ ਲਾਗ ਨਾਲ ਪ੍ਰਭਾਵਿਤ ਹਨ ਤੇ ਵਾਇਰਸ ਹੁਣ ਤੱਕ 25 ਮੁਲਕਾਂ ਨੂੰ ਆਪਣੀ ਜ਼ੱਦ ਵਿੱਚ ਲੈ ਚੁੱਕਾ ਹੈ। ਇਸ ਦੌਰਾਨ ਏਅਰ ਇੰਡੀਆ ਦੀ ਦੂਜੀ ਫਲਾਈਟ ਚੀਨ ਦੇ ਵੂਹਾਨ ਸ਼ਹਿਰ ’ਚੋਂ 323 ਭਾਰਤੀਆਂ ਤੇ ਮਾਲਦੀਵਜ਼ ਦੇ ਸੱਤ ਨਾਗਰਿਕਾਂ ਨੂੰ ਲੈ ਕੇ ਅੱਜ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਪੁੱਜ ਗਈ ਹੈ।
ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਏਅਰ ਇੰਡੀਆ ਦੀ ਉਡਾਨ ਰਾਹੀਂ 324 ਭਾਰਤੀਆਂ ਨੂੰ ਚੀਨ ਵਿੱਚੋਂ ਕੱਢਿਆ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਫ਼ੌਜ ਤੇ ਆਈਟੀਬੀਪੀ ਵੱਲੋਂ ਮਾਨੇਸਰ ਤੇ ਦੱਖਣ-ਪੱਛਮੀ ਦਿੱਲੀ ਦੇ ਛਾਵਲਾ ਖੇਤਰਾਂ ਵਿੱਚ ਤਿਆਰ ਦੋ ਆਰਜ਼ੀ ਟਿਕਾਣਿਆਂ ’ਤੇ ਰੱਖਿਆ ਗਿਆ ਹੈ। ਉਧਰ ਕੇਰਲਾ ਵਿੱਚ ਅੱਜ ਇਕ ਹੋਰ ਸ਼ਖ਼ਸ ਨੂੰ ਕਰੋਨਾਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਹੈ।
ਪੇਈਚਿੰਗ ਵਿਚਲੀ ਭਾਰਤੀ ਅੰਬੈਸੀ ਨੇ ਇਕ ਬਿਆਨ ਵਿੱਚ ਕਿਹਾ, ‘ਮੌਜੂਦਾ ਘਟਨਾਕ੍ਰਮ ਨੂੰ ਵੇਖਦਿਆਂ ਭਾਰਤ ਦੀ ਯਾਤਰਾ ਲਈ ਈ-ਵੀਜ਼ਾ ਦੀ ਸਹੂਲਤ ਨੂੰ ਫੌਰੀ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਪਾਬੰਦੀ ਚੀਨੀ ਪਾਸਪੋਰਟ ਧਾਰਕਾਂ ਤੇ ਚੀਨ ਵਿੱਚ ਰਹਿ ਰਹੇ ਹੋਰਨਾਂ ਮੁਲਕਾਂ ਦੇ ਨਾਗਰਿਕਾਂ ’ਤੇ ਆਇਦ ਹੋਵੇਗੀ, ਜਿਨ੍ਹਾਂ ਨੂੰ ਪਹਿਲਾਂ ਈ-ਵੀਜ਼ਾ ਜਾਰੀ ਕੀਤੇ ਜਾ ਚੁੱਕੇ ਹਨ, ਉਹ ਹੁਣ ਵੈਧ ਨਹੀਂ ਹੋਣਗੇ।’ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ‘ਉਪਰੋਕਤ ਸ਼੍ਰੇਣੀ ਵਿੱਚ ਆਉਂਦੇ ਜਿਨ੍ਹਾਂ ਲੋਕਾਂ ਕੋਲ ਭਾਰਤ ਫੇਰੀ ਲਈ ਕੋਈ ਠੋਸ ਕਾਰਨ ਹੈ ਤਾਂ ਉਹ ਪੇਈਚਿੰਗ ਸਥਿਤ ਭਾਰਤੀ ਅੰਬੈਸੀ ਜਾਂ ਫਿਰ ਸ਼ੰਘਾਈ ਜਾਂ ਗੁਆਂਗਜ਼ੂ ਸਥਿਤ ਭਾਰਤੀ ਕੌਂਸੁਲੇਟਾਂ ਸਮੇਤ ਇਨ੍ਹਾਂ ਸ਼ਹਿਰਾਂ ਵਿਚਲੇ ਵੀਜ਼ਾ ਅਰਜ਼ੀ ਸੈਂਟਰਾਂ ਨਾਲ ਸੰਪਰਕ ਕਰ ਸਕਦੇ ਹਨ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2015 ਦੀ ਚੀਨ ਫੇਰੀ ਮੌਕੇ ਦੋਵਾਂ ਮੁਲਕਾਂ ਦਰਮਿਆਨ ਭਰੋਸਾ ਬਹਾਲੀ ਦੇ ਉਪਰਾਲੇ ਵਜੋਂ ਚੀਨੀ ਨਾਗਰਿਕਾਂ ਲਈ ਈ-ਵੀਜ਼ਾ ਸਹੂਲਤ ਦਾ ਐਲਾਨ ਕੀਤਾ ਸੀ। 

Radio Mirchi