ਕਰੋਨਾਵਾਇਰਸ: ਦੇਸ਼ ਭਰ ਵਿੱਚ ਪੀੜਤਾਂ ਦੀ ਗਿਣਤੀ 29 ਹੋਈ

ਕਰੋਨਾਵਾਇਰਸ: ਦੇਸ਼ ਭਰ ਵਿੱਚ ਪੀੜਤਾਂ ਦੀ ਗਿਣਤੀ 29 ਹੋਈ

ਭਾਰਤ ’ਚ ਕਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ ਵਧ ਕੇ 29 ਹੋ ਗਈ ਹੈ। ਇਨ੍ਹਾਂ ’ਚ 16 ਇਤਾਲਵੀ ਸੈਲਾਨੀ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਲਾਨ ਕੀਤਾ ਕਿ ਕੌਮਾਂਤਰੀ ਉਡਾਣਾਂ ਰਾਹੀਂ ਮੁਲਕ ਆਉਣ ਵਾਲੇ ਸਾਰੇ ਮੁਸਾਫਰਾਂ ਦੀ ਹਵਾਈ ਅੱਡਿਆਂ ’ਤੇ ਹੀ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸਿਰਫ਼ 12 ਮੁਲਕਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਹਵਾਈ ਅੱਡਿਆਂ ’ਤੇ ਜਾਂਚ ਕੀਤੀ ਜਾ ਰਹੀ ਸੀ। ਉਧਰ ਕੌਮੀ ਰਾਜਧਾਨੀ ਅਤੇ ਨਾਲ ਲਗਦੇ ਇਲਾਕਿਆਂ ਦੇ ਤਿੰਨ ਸਕੂਲਾਂ ਨੂੰ ਇਹਤਿਆਤ ਵਜੋਂ ਬੰਦ ਕਰ ਦਿੱਤਾ ਹੈ ਜਦਕਿ ਦੋ ਹੋਰ ਨੇ ਛੁੱਟੀਆਂ ਪਹਿਲਾਂ ਕਰਨ ਦਾ ਫ਼ੈਸਲਾ ਲਿਆ ਹੈ। ਮੰਗਲਵਾਰ ਨੂੰ ਨੌਇਡਾ ਦੇ ਦੋ ਸਕੂਲ ਕਰੋਨਾਵਾਇਰਸ ਕਾਰਨ ਬੰਦ ਕਰ ਦਿੱਤੇ ਗਏ ਸਨ।
ਸ੍ਰੀ ਹਰਸ਼ਵਰਧਨ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਕਿਹਾ ਕਿ ਉਹ ਸ਼ਹਿਰ ਦੇ ਹਸਪਤਾਲਾਂ ’ਚ ਵਿਸ਼ੇਸ਼ ਵਾਰਡਾਂ ’ਚ ਸਹੂਲਤਾਂ ਦਾ ਪ੍ਰਬੰਧ ਕਰਕੇ ਰੱਖਣ ਤਾਂ ਜੋ ਕਰੋਨਾਵਾਇਰਸ ਦੇ ਵਧੇਰੇ ਕੇਸ ਸਾਹਮਣੇ ਆਉਣ ’ਤੇ ਉਨ੍ਹਾਂ ਨਾਲ ਸਿੱਝਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਮਯੂਰ ਵਿਹਾਰ ਦੇ ਇਕ ਵਿਅਕਤੀ ਅਤੇ ਉਸ ਦੇ ਆਗਰਾ ਰਹਿੰਦੇ ਛੇ ਰਿਸ਼ਤੇਦਾਰ ਕਰੋਨਾਵਾਇਰਸ ਦੀ ਚਪੇਟ ’ਚ ਆਉਣ ਵਾਲੇ 28 ਵਿਅਕਤੀਆਂ ’ਚ ਸ਼ਾਮਲ ਹਨ। 45 ਵਰ੍ਹਿਆਂ ਦਾ ਵਿਅਕਤੀ ਹੁਣੇ ਜਿਹੇ ਆਗਰਾ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਸੀ। ਛੇ ਪਰਿਵਾਰਕ ਮੈਂਬਰਾਂ ਨੂੰ ਕਰੋਨਾਵਾਇਰਸ ਨਾ ਹੋਣ ਦੀ ਪੁਸ਼ਟੀ ਹੋਈ ਹੈ। ਉਂਜ ਉਨ੍ਹਾਂ ਨੂੰ 14 ਦਿਨਾਂ ਲਈ ਘਰਾਂ ’ਚ ਇਕੱਲਿਆਂ ਰੱਖਿਆ ਗਿਆ ਹੈ। ਹੈਦਰਾਬਾਦ ਦੇ 24 ਵਰ੍ਹਿਆਂ ਦਾ ਨੌਜਵਾਨ ਵੀ ਕਰੋਨਾਵਾਇਰਸ ਤੋਂ ਪੀੜਤ ਮਿਲਿਆ ਹੈ ਅਤੇ ਉਸ ਨੂੰ ਵੱਖ ਰੱਖਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਇਟਲੀ ਤੋਂ ਆਏ 15 ਸੈਲਾਨੀ ਅਤੇ ਉਨ੍ਹਾਂ ਦਾ ਭਾਰਤੀ ਡਰਾਈਵਰ ਵੀ ਵਾਇਰਸ ਤੋਂ ਪੀੜਤ ਹਨ। ਇਕ ਇਤਾਲਵੀ ਵਿਅਕਤੀ ਅਤੇ ਉਸ ਦੀ ਪਤਨੀ ਦਾ ਜੈਪੁਰ ਦੇ ਐੱਸਐੱਮਐੱਸ ਹਸਪਤਾਲ ’ਚ ਇਲਾਜ ਹੋ ਰਿਹਾ ਹੈ ਜਦਕਿ ਗਰੁੱਪ ਦੇ 14 ਹੋਰ ਮੈਂਬਰਾਂ ਅਤੇ ਭਾਰਤੀ ਡਰਾਈਵਰ ਨੂੰ ਆਈਟੀਬੀਪੀ ਦੇ ਛਾਵਲਾ ਕੈਂਪ ’ਚ ਰੱਖਿਆ ਗਿਆ ਹੈ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਹੁਣ ਤਕ 5,89,000 ਵਿਅਕਤੀਆਂ ਦੀ ਹਵਾਈ ਅੱਡਿਆਂ, ਬੰਦਰਗਾਹਾਂ ’ਤੇ 15 ਹਜ਼ਾਰ ਅਤੇ ਨੇਪਾਲ ਨਾਲ ਲਗਦੀਆਂ ਸਰਹੱਦਾਂ ’ਤੇ 10 ਲੱਖ ਵਿਅਕਤੀਆਂ ਦੀ ਜਾਂਚ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 27 ਹਜ਼ਾਰ ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਕ ’ਚ 15 ਲੈਬੋਰੇਟਰੀਆਂ ਕਰੋਨਾਵਾਇਰਸ ਦੇ ਟੈਸਟ ਕਰ ਰਹੀਆਂ ਹਨ ਅਤੇ 19 ਹੋਰ ਸਥਾਪਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿਅਕਤੀ ਦੇ ਸੰਪਰਕ ’ਚ ਆਉਣ ਵਾਲੇ 66 ਅਤੇ ਹੈਦਰਾਬਾਦ ਦੇ ਨੌਜਵਾਨ ਦੇ ਸੰਪਰਕ ’ਚ ਆਉਣ ਵਾਲੇ 88 ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਉੱਤਰ-ਪੂਰਬ ’ਚ 12 ਹਵਾਈ ਅੱਡਿਆਂ ’ਤੇ ਵੀ ਮੁਸਾਫ਼ਰਾਂ ਦੀ ਵਿਸ਼ੇਸ਼ ਚੈਕਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਰਾਨ ’ਚ ਲੈਬੋਰੇਟਰੀ ਬਣਾਉਣ ਦਾ ਇਰਾਦਾ ਹੈ ਤਾਂ ਜੋ ਉਥੋਂ ਆਉਣ ਵਾਲੇ ਭਾਰਤੀਆਂ ਦਾ ਪਹਿਲਾਂ ਹੀ ਟੈਸਟ ਹੋ ਸਕੇ। ਇਕ ਅੰਦਾਜ਼ੇ ਮੁਤਾਬਕ ਇਰਾਨ ’ਚ 1200 ਭਾਰਤੀ ਹਨ ਜਿਨ੍ਹਾਂ ’ਚ ਸਭ ਤੋਂ ਵੱਧ ਵਿਦਿਆਰਥੀ ਹਨ।

Radio Mirchi