ਕਰੋਨਾਵਾਇਰਸ: ਵਿਸ਼ੇਸ਼ ਉਡਾਣਾਂ ਰਾਹੀਂ ਚੀਨ ਤੋਂ 112 ਤੇ ਜਾਪਾਨ ’ਚੋਂ 124 ਭਾਰਤੀ ਲਿਆਂਦੇ
ਭਾਰਤ ਨੇ ਕਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਚੀਨੀ ਸ਼ਹਿਰ ਵੂਹਾਨ ਵਿੱਚ ਫਸੇ 112 ਵਿਅਕਤੀਆਂ ਨੂੰ ਅੱਜ ਵਾਪਸ ਲਿਆਂਦਾ ਹੈ। ਇਸੇ ਤਰ੍ਹਾਂ ਟੋਕੀਓ ਨੇੜੇ ਯੋਕੋਹਾਮਾ ਬੰਦਰਗਾਹ ’ਤੇ ਪਿਛਲੇ ਕਈ ਦਿਨਾਂ ’ਤੇ ਖੜ੍ਹੇ ਕਰੂਜ਼ ਬੇੜੇ ’ਤੇ ਸਵਾਰ 124 ਵਿਅਕਤੀਆਂ ਨੂੰ ਉਥੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਵੂਹਾਨ ਤੋਂ ਅੱਜ ਪਰਤੇ ਭਾਰਤੀ ਏਅਰ ਫੋਰਸ ਦੇ ਸੀ-17 ਗਲੋਬਮਾਸਟਰ 3 ਟਰਾਂਸਪੋਰਟ ਜਹਾਜ਼ ਵਿੱਚ 76 ਭਾਰਤੀ ਤੇ 36 ਵਿਦੇਸ਼ੀ ਨਾਗਰਿਕ ਸਵਾਰ ਸਨ ਜਦੋਂਕਿ ਏਅਰ ਇੰਡੀਆ ਦੀ ਉਡਾਣ ਟੋਕੀਓ ਤੋਂ 124 ਲੋਕਾਂ ਨੂੰ ਵਾਪਸ ਲੈ ਕੇ ਆਈ ਹੈ। ਵਿਦੇਸ਼ੀ ਮੁਸਾਫ਼ਰਾਂ ’ਚ 23 ਬੰਗਲਾਦੇਸ਼, 6 ਚੀਨ, ਮਿਆਂਮਾਰ ਤੇ ਮਾਲਦੀਵਜ਼ ਦੇ ਦੋ-ਦੋ ਅਤੇ ਦੱਖਣੀ ਅਫ਼ਰੀਕਾ, ਅਮਰੀਕਾ ਤੇ ਮੈਡਾਗਾਸਕਰ ਦਾ ਇਕ ਇਕ ਨਾਗਰਿਕ ਸ਼ਾਮਲ ਹੈ। ਜਪਾਨ ਪਰਤੇ ਲੋਕਾਂ ਵਿੱਚ 119 ਭਾਰਤੀ, ਸ੍ਰੀਲੰਕਾ ਦੇ ਦੋ ਅਤੇ ਨੇਪਾਲ, ਦੱਖਣੀ ਅਫਰੀਕਾ ਤੇ ਪੇਰੂ ਦਾ ਇਕ ਇਕ ਨਾਗਰਿਕ ਸ਼ਾਮਲ ਹੈ। ਇਹ ਲੋਕ ਕਰੋਨਾਵਾਇਰਸ ਦੀ ਜ਼ੱਦ ਵਿੱਚ ਆਏ ਡਾਇਮੰਡ ਹਾਰਬਰ ਬੇੜੇ ’ਤੇ ਸਵਾਰ ਸਨ, ਜੋ ਕਿ 3 ਫਰਵਰੀ ਤੋਂ ਟੋਕੀਓ ਨੇੜੇ ਯੋਕੋਹਾਮਾ ਬੰਦਰਗਾਹ ’ਤੇ ਖੜ੍ਹਾ ਸੀ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਰੋਨਾਵਾਇਰਸ ਦੀ ਜ਼ੱਦ ਵਿੱਚ ਆਈਆਂ ਜ਼ੋਨਾਂ ’ਚੋਂ ਭਾਰਤੀ ਤੇ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਲਈ ਸਰਕਾਰ ਦੇ ਵੱਖ ਵੱਖ ਵਿੰਗਾਂ ਤੇ ਸੇਵਾਵਾਂ ਵੱਲੋਂ ਬਣਾਏ ਤਾਲਮੇਲ ਦੀ ਤਾਰੀਫ਼ ਕੀਤੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ, ‘ਭਾਰਤ ਦੀ ‘ਗੁਆਂਢੀ ਪਹਿਲਾਂ’ ਨੀਤੀ ਤੇ ਭਾਰਤ-ਪ੍ਰਸ਼ਾਂਤ ਵਿਜ਼ਨ ਤਹਿਤ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ ਪੰਜ ਵਿਦੇਸ਼ੀ ਨਾਗਰਿਕਾਂ ਨੂੰ ਟੋਕੀਓ ਤੋਂ ਇਥੇ ਲਿਆਂਦਾ ਗਿਆ ਹੈ।’ ਇਸ ਦੌਰਾਨ ਸਮੁੰਦਰੀ ਬੇੜੇ ਦੇ ਅਮਲੇ ਵਿੱਚ ਸ਼ਾਮਲ ਤਿੰਨ ਭਾਰਤੀਆਂ ਨੇ ਵਿਸ਼ੇਸ਼ ਉਡਾਣ ਬੋਰਡ ਕਰਨ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਉਹ ਉਨ੍ਹਾਂ ਨੂੰ ਵੱਖ ਰੱਖਣ ਦੀ ਵਧਾਈ ਹੋਈ ਮਿਆਦ ਨੂੰ ਪੂਰਾ ਕਰਨਗੇ। ਇਸ ਬੇੜੇ ’ਤੇ ਅਮਲੇ ਦੇ ਮੈਂਬਰਾਂ ਸਮੇਤ ਕੁੱਲ 138 ਭਾਰਤੀ ਸਵਾਰ ਸਨ। ਇਨ੍ਹਾਂ ਵਿੱਚੋਂ ਅਮਲੇ ਦੇ 16 ਮੈਂਬਰਾਂ ਨੂੰ ਕਰੋਨਾਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਸੀ ਤੇ ਇਨ੍ਹਾਂ ਨੂੰ ਜਹਾਜ਼ ’ਤੇ ਹੀ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਸੀ-17 ਗਲੋਬਮਾਸਟਰ ਬੁੱਧਵਾਰ ਨੂੰ 15 ਟਨ ਮੈਡੀਕਲ ਸਪਲਾਈ ਦੇ ਨਾਲ ਵੂਹਾਨ ਰਵਾਨਾ ਹੋਇਆ ਸੀ ਅਤੇ ਵਾਪਸੀ ’ਤੇ ਉਥੇ ਫਸੇ 23 ਭਾਰਤੀਆਂ ਸਮੇਤ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਲੈ ਕੇ ਅੱਜ ਵਾਪਸ ਪਰਤ ਆਇਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹੁਣ ਤਕ ਤਿੰਨ ਉਡਾਣਾਂ ਰਾਹੀਂ ਕੁੱਲ 723 ਭਾਰਤੀਆਂ ਤੇ 43 ਵਿਦੇਸ਼ ਨਾਗਰਿਕਾਂ ਨੂੰ ਵੂਹਾਨ ’ਚੋਂ ਵਾਪਸ ਲਿਆਂਦਾ ਜਾ ਚੁੱਕਾ ਹੈ।