ਕਰੋਨਾਵਾਇਰਸ: ਵੂਹਾਨ ’ਚੋਂ 324 ਭਾਰਤੀ ਦੇਸ਼ ਲਿਆਂਦੇ
ਕਰੋਨਾਵਾਇਰਸ ਮਹਾਂਮਾਰੀ ਦੀ ਮਾਰ ਹੇਠ ਆਏ ਚੀਨ ਦੇ ਸ਼ਹਿਰ ਵੂਹਾਨ ਵਿੱਚ ਫਸੇ 324 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜੁੰਬੋ ਬੀ747 ਜਹਾਜ਼ ਅੱਜ ਸਵੇਰੇ ਇੱਥੇ ਪਹੁੰਚਿਆ।
ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 7.30 ਵਜੇ ਇੱਥੇ ਪਹੁੰਚੇ ਏਅਰ ਇੰਡੀਆ ਦੇ ਇਸ ਜਹਾਜ਼ ਵਿੱਚ ਸਵਾਰ 324 ਭਾਰਤੀਆਂ ਵਿੱਚ 211 ਵਿਦਿਆਰਥੀ, 110 ਕੰਮਕਾਜੀ ਪੇਸ਼ੇਵਰ ਅਤੇ ਤਿੰਨ ਨਾਬਾਲਗ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਬਾਅਦ ਦੁਪਹਿਰ ਕਰੀਬ 1.37 ਵਜੇ ਏਅਰ ਇੰਡੀਆ ਦਾ ਇਕ ਹੋਰ ਜਹਾਜ਼ ਚੀਨੀ ਸ਼ਹਿਰ ਲਈ ਰਵਾਨਾ ਹੋ ਗਿਆ। ਇਸ ਜਹਾਜ਼ ਵਿੱਚ ਵੀ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਉਹੀ ਪੰਜ ਡਾਕਟਰ ਗਏ ਹਨ ਜੋ ਪਹਿਲਾਂ ਇੱਥੇ ਪਹੁੰਚੇ ਜਹਾਜ਼ ਵਿੱਚ ਸਵਾਰ ਸਨ।
ਏਅਰ ਇੰਡੀਆ ਦੇ ਜਹਾਜ਼ ’ਚ ਅੱਜ ਸਵੇਰੇ ਚੀਨ ਤੋਂ ਇੱਥੇ ਪਹੁੰਚੇ ਕੁੱਲ 324 ਭਾਰਤੀਆਂ ਦੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹਿਲੀ ਜਾਂਚ ਕੀਤੀ ਗਈ। ਇਸ ਜਾਂਚ ਵਿੱਚ ਸ਼ੱਕੀ ਪਾਏ ਗਏ 104 ਵਿਅਕਤੀਆਂ ਨੂੰ ਆਈਟੀਬੀਪੀ ਵੱਲੋਂ ਦੱਖਣ-ਪੱਛਮੀ ਦਿੱਲੀ ਦੇ ਛਾਵਲਾ ਖੇਤਰ ’ਚ ਸਥਾਪਤ ਕੀਤੇ ਗਏ 600 ਬਿਸਤਰਿਆਂ ਵਾਲੇ ਵਿਸ਼ੇਸ਼ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਹੈ। ਇੱਥੇ ਦਾਖ਼ਲ ਕਰਵਾਏ ਗਏ ਵਿਅਕਤੀਆਂ ’ਚ 88 ਔਰਤਾਂ, 10 ਪੁਰਸ਼ ਤੇ ਛੇ ਬੱਚੇ ਸ਼ਾਮਲ ਹਨ, ਜਿਨ੍ਹਾਂ ਦੀ ਡਾਕਟਰਾਂ ਵੱਲੋਂ ਦੂਜੀ ਵਾਰ ਜਾਂਚ ਕੀਤੀ ਜਾ ਰਹੀ ਹੈ
ਚੀਨ ਤੋਂ ਆਉਣ ਵਾਲੇ ਗੈਰ-ਨਾਗਰਿਕਾਂ ਦੇ ਆਸਟਰੇਲੀਆ ’ਚ ਦਾਖ਼ਲੇ ’ਤੇ ਰੋਕ
ਸਿਡਨੀ: ਆਸਟਰੇਲੀਆ ਸਰਕਾਰ ਨੇ ਕਰੋਨਾਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਅੱਜ ਐਲਾਨ ਕਰ ਦਿੱਤਾ ਹੈ ਕਿ ਉਹ ਚੀਨ ਤੋਂ ਆਸਟਰੇਲੀਆ ਵਿੱਚ ਆ ਰਹੇ ਗੈਰ-ਨਾਗਰਿਕਾਂ ਨੂੰ ਆਪਣੇ ਦੇਸ਼ ’ਚ ਦਾਖ਼ਲ ਨਹੀਂ ਹੋਣ ਦੇਵੇਗੀ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਚੀਨ ਤੋਂ ਆਉਣ ਵਾਲੇ ਆਸਟਰੇਲਿਆਈ ਨਾਗਰਿਕਾਂ, ਆਸਟਰੇਲੀਆ ਦੀ ਸਥਾਈ ਰਿਹਾਇਸ਼ ਵਾਲੇ ਲੋਕਾਂ, ਉਨ੍ਹਾਂ ’ਤੇ ਨਿਰਭਰ ਵਿਅਕਤੀਆਂ, ਉਨ੍ਹਾਂ ਦੇ ਕਾਨੂੰਨੀ ਨਿਗਰਾਨ ਜਾਂ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਹੀ ਆਸਟਰੇਲੀਆ ’ਚ ਦਾਖ਼ਲ ਹੋਣ ਦਿੱਤਾ ਜਾਵੇਗਾ।