ਕਰੋਨਾਵਾਇਰਸ: ਹਰ ਸੰਭਵ ਉਪਰਾਲਾ ਕਰ ਰਹੀ ਹੈ ਸਰਕਾਰ

ਕਰੋਨਾਵਾਇਰਸ: ਹਰ ਸੰਭਵ ਉਪਰਾਲਾ ਕਰ ਰਹੀ ਹੈ ਸਰਕਾਰ

ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ ਕਿਹਾ ਕਿ ਸਰਕਾਰ ਕਰੋਨਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕਦਮ ਪੁੱਟ ਰਹੀ ਹੈ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਰਤ ਵਿੱਚ ਵੱਡੇ ਪੱਧਰ ’ਤੇ ਇਹਤਿਆਤੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਤੋਂ ਪਹਿਲਾਂ ਹੀ ਸਰਕਾਰ ਨੇ ਕਰੋਨਾਵਾਿੲਰਸ ਦੀ ਮਹਾਮਾਰੀ ਨੂੰ ਨੱਥ ਪਾਉਣ ਲਈ ਯਤਨ ਵਿੱਢ ਦਿੱਤੇ ਸਨ। ਇਸ ਦੌਰਾਨ ਭਾਰਤ ’ਚ ਪੀੜਤਾਂ ਦੀ ਗਿਣਤੀ 30 ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਪੀੜਤਾਂ ਦੇ ਸੰਪਰਕ ਵਿੱਚ ਆਉਣ ਵਾਲੇ 28,529 ਵਿਅਕਤੀਆਂ ਨੂੰ ਭਾਈਚਾਰਕ ਨਿਗਰਾਨੀ (ਭਾਵ ਉਨ੍ਹਾਂ ਨੂੰ ਕੁਝ ਅਰਸੇ ਲਈ ਆਪਣੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ) ਵਿੱਚ ਰੱਖਿਆ ਗਿਆ ਹੈ ਤੇ ਇਨ੍ਹਾਂ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਸਿਹਤ ਮੰਤਰੀ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਬਿਆਨ ਦਿੰਦਿਆਂ ਕਿਹਾ ਕਿ 4 ਮਾਰਚ ਤਕ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ 29 ਕੇਸ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਇਰਾਨ ਦੇ ਸੰਪਰਕ ਵਿੱਚ ਹੈ ਅਤੇ ਉਥੇ ਫਸੇ ਭਾਰਤੀ ਯਾਤਰੀਆਂ ਤੇ ਵਿਦਿਆਰਥੀਆਂ ਨੂੰ ਕੱਢਣ ਲਈ ਯਤਨ ਲਗਾਤਾਰ ਜਾਰੀ ਹਨ। ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ’ਚ ਜਿਹੜੇ ਨਵੇਂ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿੱਚੋਂ ਕੋਈ ਨਾ ਕੋਈ ਵਿਦੇਸ਼ ਯਾਤਰਾ ਤੋਂ ਪਰਤਿਆ ਹੈ, ਪਰ ਸਾਰਿਆਂ ਦੀ ਹਾਲਤ ਸਥਿਰ ਹੈ। ਮੰਤਰੀ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਤਹਿਰਾਨ ਤੇ ਕੋਮ ਵਿੱਚ ਫਸੇ ਭਾਰਤੀ ਯਾਤਰੀ ਤੇ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਹਾਲਾਤ ’ਤੇ ਖੁ਼ਦ ਨਜ਼ਰ ਰੱਖ ਰਹੇ ਹਨ। ਇਸ ਦੌਰਾਨ ਕਰੋਨਾਵਾਇਰਸ ਨੇ ਆਲਮੀ ਪੱਧਰ ’ਤੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਟਲੀ ਨੇ ਇਹਤਿਆਤ ਵਜੋਂ ਆਪਣੇ ਸਾਰੇ ਸਕੂਲ ਤੇ ਯੂਨੀਵਰਸਿਟੀਆਂ ਬੰਦ ਕਰਨ ਦੇ ਨਾਲ ਸਾਰੇ ਖੇਡ ਈਵੈਂਟਾਂ ਨੂੰ ਅਗਲੇ ਕੁਝ ਹਫ਼ਤਿਆਂ ਲਈ ਅੱਗੇ ਪਾ ਦਿੱਤਾ ਹੈ। ਇਤਾਲਵੀ ਸਰਕਾਰ ਨੇ ਫੁਟਬਾਲ ਮੈਚ ਬਿਨਾਂ ਦਰਸ਼ਕਾਂ ਤੋਂ ਖਿਡਾਉਣ ਲਈ ਕਿਹਾ ਹੈ। ਸਾਊਦੀ ਅਰਬ ਨੇ ਹੱਜ ਲਈ ਮੱਕਾ ਮਦੀਨਾ ਆਉਣ ਵਾਲੇ ਯਾਤਰੀਆਂ ਦੇ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ। ਇਰਾਨ ਨੇ ਅੱਜ ਲਗਾਤਾਰ ਦੂਜੇ ਹਫ਼ਤੇ ਜੁੰਮੇ ਦੀ ਨਮਾਜ਼ ਰੱਦ ਕਰ ਦਿੱਤੀ ਹੈ। ਆਲਮੀ ਪੱਧਰ ’ਤੇ 96500 ਲੋਕ ਕਰੋਨਾਵਾਇਰਸ ਨਾਲ ਪੀੜਤ ਹਨ ਤੇ ਹੁਣ ਤਕ 3300 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ ਵਿੱਚ ਵੀ ਮੌਤਾਂ ਦੀ ਗਿਣਤੀ 11 ਹੋ ਗਈ ਹੈ। ਦੱਖਣੀ ਕੋਰੀਆ ਵਿੱਚ 2300 ਮਰੀਜ਼ਾਂ ਨੂੰ ਹਸਪਤਾਲਾਂ ’ਚ ਬੈੱਡਾਂ ਦੀ ਉਡੀਕ ਹੈ। ਚੀਨ ਵਿੱਚ 139 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ ਮੌਤਾਂ ਦਾ ਅੰਕੜਾ 3012 ਨੂੰ ਪੁੱਜ ਗਿਆ ਹੈ।

Radio Mirchi