ਕਰਜ਼ੇ ਦੀ ਮਾਰ: ਸੈਂਕੜੇ ਕਿਸਾਨ ਭਗੌੜੇ ਕਰਾਰ
ਬਠਿੰਡਾ-ਪੰਜਾਬ ’ਚ ਕਰਜ਼ੇ ਹੇਠ ਦੱਬੇ ਸੈਂਕੜੇ ਕਿਸਾਨ ਭਗੌੜੇ ਐਲਾਨ ਦਿੱਤੇ ਗਏ ਹਨ। ਸਹਿਕਾਰੀ ਬੈਂਕਾਂ ਵੱਲੋਂ ਚੈੱਕ ਬਾਊਂਸ ਨੂੰ ਆਧਾਰ ਬਣਾ ਕੇ ਅਦਾਲਤੀ ਕੇਸ ਕੀਤੇ ਗਏ ਜਿਨ੍ਹਾਂ ’ਚ ਕਿਸਾਨ ਭਗੌੜਾ ਕਰਾਰ ਦਿੱਤੇ ਜਾ ਰਹੇ ਹਨ। ਪ੍ਰਾਈਵੇਟ ਤੇ ਕੌਮੀ ਬੈਂਕ ਇਸ ਮਾਮਲੇ ’ਚ ਸਭ ਤੋਂ ਅੱਗੇ ਹਨ। ਇਕੱਲੇ ਮਾਲਵਾ ਖਿੱਤੇ ’ਚ ਇਨ੍ਹਾਂ ਸਾਰੇ ਬੈਂਕਾਂ ਵੱਲੋਂ ਡੇਢ ਸਾਲ ਦੌਰਾਨ ਕਰੀਬ ਇੱਕ ਹਜ਼ਾਰ ਕਰਜ਼ਈ ਕਿਸਾਨਾਂ ਨੂੰ ਭਗੌੜੇ ਐਲਾਨ ਦਿੱਤਾ ਗਿਆ ਹੈ। ਅੰਦਾਜ਼ੇ ਅਨੁਸਾਰ ਸਹਿਕਾਰੀ ਬੈਂਕਾਂ ਦੇ ਚੈੱਕ ਬਾਊਂਸ ਮਾਮਲਿਆਂ ’ਚ ਕਰੀਬ ਤਿੰਨ ਸੌ ਕਿਸਾਨ ਅਦਾਲਤਾਂ ’ਚੋਂ ਭਗੌੜੇ ਐਲਾਨੇ ਜਾ ਚੁੱਕੇ ਹਨ।
ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਇਕੱਲੇ ਸਹਿਕਾਰੀ ਬੈਂਕਾਂ, ਖਾਸ ਕਰ ਕੇ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਨੇ ਫਰਵਰੀ 2019 ਤੋਂ ਹੁਣ ਤੱਕ 23 ਕਰਜ਼ਈ ਕਿਸਾਨ ਅਦਾਲਤਾਂ ਰਾਹੀਂ ਭਗੌੜੇ ਕਰਾਰ ਦਿੱਤੇ ਹਨ। ਜਿਨ੍ਹਾਂ ਵਿਚ ਪਿੰਡ ਜੈ ਸਿੰਘ ਵਾਲਾ ਦੇ ਦੋ ਕਿਸਾਨ, ਚੱਕ ਰੁਲਦੂ ਸਿੰਘ ਵਾਲਾ, ਰਾਏਕੇ ਖ਼ੁਰਦ ਦੇ ਕਿਸਾਨ ਵੀ ਸ਼ਾਮਲ ਹਨ। ਸਾਰੀਆਂ ਬੈਂਕਾਂ ਵੱਲੋਂ ਚੈੱਕ ਬਾਊਂਸ ’ਚ ਬਠਿੰਡਾ ਜ਼ਿਲ੍ਹੇ ਦੇ ਕੁੱਲ 86 ਕਿਸਾਨ ਭਗੌੜੇ ਕਰਾਰ ਦਿੱਤੇ ਗਏ ਹਨ। ਭਗੌੜੇ ਐਲਾਨੇ ਕਿਸਾਨਾਂ ’ਤੇ ਕਾਰਵਾਈ ਦੀ ਤਲਵਾਰ ਲਟਕੀ ਹੋਈ ਹੈ। ਬਹੁਤੇ ਕਿਸਾਨ ਅਦਾਲਤਾਂ ਵਿਚ ਕੇਸ ਲੜਨ ਦੇ ਸਮਰੱਥ ਨਹੀਂ ਹਨ।
ਅਦਾਲਤਾਂ ਵਿਚ ਸੀਆਰਪੀਸੀ ਦੀ ਧਾਰਾ 83 ਤਹਿਤ ਇਨ੍ਹਾਂ ਨੂੰ ਭਗੌੜਾ ਐਲਾਨਿਆ ਗਿਆ ਹੈ। ਬੈਂਕਾਂ ਵੱਲੋਂ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਤਹਿਤ ਇਹ ਕੇਸ ਦਾਇਰ ਕੀਤੇ ਜਾਂਦੇ ਹਨ। ਸਹਿਕਾਰੀ ਤੇ ਪ੍ਰਾਈਵੇਟ ਬੈਂਕਾਂ ਵੱਲੋਂ ਕਿਸਾਨਾਂ ਤੋਂ ਖਾਲੀ ਚੈੱਕ ਲਏ ਜਾਣ ਦਾ ਰੌਲਾ ਪਹਿਲਾਂ ਵੀ ਪੈ ਚੁੱਕਾ ਹੈ। ਸਹਿਕਾਰੀ ਖੇਤੀ ਵਿਕਾਸ ਬੈਂਕਾਂ ਵੱਲੋਂ ਚੈੱਕ ਬਾਊਂਸ ਹੋਣ ਮਗਰੋਂ ਅਦਾਲਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਂਦੀ ਹੈ। ਫਿਰੋਜ਼ਪੁਰ ਜ਼ਿਲ੍ਹੇ ਵਿਚ ਸਾਲ 2019 ਦੌਰਾਨ 26 ਕਰਜ਼ਈ ਕਿਸਾਨ ਭਗੌੜੇ ਕਰਾਰ ਦਿੱਤੇ ਗਏ ਹਨ ਜਿਨ੍ਹਾਂ ਵਿਚ ਸੈਦੇਕੇ ਰਹੇਲਾ, ਚੱਕ ਦੋਨਾ ਰਹੀਮ ਕੇ, ਬਡਾਲਾ, ਚੱਕੇ ਭੰਗੇ ਵਾਲਾ ਅਤੇ ਸੋਢੀਵਾਲਾ ਦੇ ਕਿਸਾਨ ਸ਼ਾਮਲ ਹਨ। ਸਾਲ 2018 ਵਿਚ ਇਸ ਜ਼ਿਲ੍ਹੇ ਦੇ 20 ਕਿਸਾਨ ਅਤੇ ਉਸ ਤੋਂ ਪਹਿਲਾਂ ਦੇ ਤਿੰਨ ਸਾਲਾਂ ਵਿਚ 48 ਕਰਜ਼ਈ ਕਿਸਾਨ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਹਨ। ਅਕਤੂਬਰ 2019 ਦੇ ਆਖ਼ਰੀ ਦੋ ਹਫ਼ਤਿਆਂ ਵਿਚ ਤਿੰਨ ਕਿਸਾਨ ਭਗੌੜੇ ਐਲਾਨੇ ਗਏ ਹਨ। ਪੰਜਾਬ ਦੀਆਂ ਅਦਾਲਤਾਂ ਵਿਚ ਚੈੱਕ ਬਾਊਂਸ ਦੇ ਹਜ਼ਾਰਾਂ ਕੇਸ ਚੱਲ ਰਹੇ ਹਨ।