ਕਸ਼ਮੀਰ ਮੁੱਦੇ ’ਚ ਦਖ਼ਲ ਨਾ ਦੇਵੇ ਤੁਰਕੀ: ਭਾਰਤ

ਕਸ਼ਮੀਰ ਮੁੱਦੇ ’ਚ ਦਖ਼ਲ ਨਾ ਦੇਵੇ ਤੁਰਕੀ: ਭਾਰਤ

ਭਾਰਤ ਨੇ ਅੱਜ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਅਰਦੋਗਾਂ ਦੀ ਪਾਕਿਸਤਾਨੀ ਸੰਸਦ ਵਿਚ ਕਸ਼ਮੀਰ ਮੁੱਦਾ ਉਠਾਉਣ ਲਈ ਨਿਖੇਧੀ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਅੰਦਰੂਨੀ ਮਸਲਿਆਂ ਵਿਚ ਦਖ਼ਲ ਨਾ ਦੇਣ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਤੁਰਕੀ ਦੇ ਰਾਸ਼ਟਰਪਤੀ ਵੱਲੋਂ ਜੰਮੂ ਕਸ਼ਮੀਰ ਬਾਰੇ ਕੀਤੀਆਂ ਸਾਰੀਆਂ ਟਿੱਪਣੀਆਂ ਨੂੰ ਖ਼ਾਰਜ ਕਰਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਬੇਸ਼ੱਕ ਯੂਟੀ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਅਰਦੋਗਾਂ ਨੇ ਸ਼ੁੱਕਰਵਾਰ ਨੂੰ ਕਸ਼ਮੀਰੀਆਂ ਦੇ ‘ਸੰਘਰਸ਼’ ਦੀ ਤੁਲਨਾ ਤੁਰਕੀ ਦੇ ਲੋਕਾਂ ਵੱਲੋਂ ਵਿਸ਼ਵ ਜੰਗ ’ਚ ਵਿਦੇਸ਼ੀ ਤਾਕਤਾਂ ਨਾਲ ਕੀਤੀ ਲੜਾਈ ਨਾਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕਸ਼ਮੀਰੀ ਲੋਕ ਦਹਾਕਿਆਂ ਤੋਂ ਦੁੱਖ ਝੱਲ ਰਹੇ ਹਨ ਤੇ ਇਹ ਵਧਦਾ ਹੀ ਜਾ ਰਿਹਾ ਹੈ। ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਤੁਰਕੀ ਨੂੰ ਪਹਿਲਾਂ ਤੱਥਾਂ ਬਾਰੇ ਚੰਗੀ ਤਰ੍ਹਾਂ ਸਮਝਣ ਲਈ ਕਹੇਗਾ। ਇਸ ’ਚ ਪਾਕਿਸਤਾਨ ਤੋਂ ਭਾਰਤ ਅਤੇ ਖਿੱਤੇ ਲਈ ਬਣਿਆ ਅਤਿਵਾਦ ਦਾ ਗੰਭੀਰ ਖ਼ਤਰਾ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਅਰਦੋਗਾਂ ਨੇ ਪਿਛਲੇ ਸਾਲ ਸਤੰਬਰ ਵਿਚ ਵੀ ਸੰਯੁਕਤ ਰਾਸ਼ਟਰ ਆਮ ਇਜਲਾਸ ਵਿਚ ਕਸ਼ਮੀਰ ਦਾ ਮੁੱਦਾ ਉਠਾਇਆ ਸੀ।

Radio Mirchi