ਕਸ਼ਮੀਰ ਮੁੱਦੇ ’ਤੇ ‘ਮਦਦ’ ਲਈ ਤਿਆਰ ਹੈ ਅਮਰੀਕਾ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਮੁੱਦੇ ਨੂੰ ਲੈ ਕੇ ਬਣੀ ਸਥਿਤੀ ’ਤੇ ‘ਨੇੜੇ ਹੋ ਕੇ’ ਨਜ਼ਰ ਰੱਖ ਰਿਹਾ ਹੈ ਅਤੇ ਲੋੜ ਪੈਣ ’ਤੇ ਹਰ ‘ਮਦਦ’ ਦੇਣ ਲਈ ਤਿਆਰ ਹੈ। ਅਮਰੀਕੀ ਸਦਰ ਨੇ ਹਾਲਾਂਕਿ ਇਹ ਸਾਫ਼ ਨਹੀਂ ਕੀਤਾ ਕਿ ‘ਮਦਦ’ ਕਿਸ ਰੂਪ ਵਿੱਚ ਤੇ ਕਿਵੇਂ ਹੋਵੇਗੀ।
ਇਥੇ ਆਲਮੀ ਆਰਥਿਕ ਫੋਰਮ ਤੋਂ ਇਕਪਾਸੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਵਣਜ ਤੇ ਸਰਹੱਦਾਂ ਗੱਲਬਾਤ ਦੌਰਾਨ ਅਹਿਮ ਨੁਕਤੇ ਹੋਣਗੇ। ਉਧਰ ਖ਼ਾਨ ਨੇ ਕਿਹਾ ਕਿ ਅਮਰੀਕੀ ਸਦਰ ਨਾਲ ਮੀਟਿੰਗ ਮੌਕੇ ਅਫ਼ਗ਼ਾਨਿਸਤਾਨ ਸਿਖਰਲੀ ਤਰਜੀਹ ਰਹੇਗਾ। ਅਮਰੀਕੀ ਸਦਰ ਨੇ ਕਿਹਾ, ‘ਵਣਜ ਦੀ ਵੀ ਕਾਫ਼ੀ ਅਹਿਮੀਅਤ ਹੈ….ਤੇ ਅਸੀਂ ਇਕੋ ਹੀ ਸਰਹੱਦ ’ਤੇ ਕੰਮ ਕਰ ਰਹੇ ਹਾਂ। ਅਸੀਂ ਪਾਕਿਸਤਾਨ ਤੇ ਭਾਰਤ ਦੀ ਮੌਜੂਦਾ ਸਥਿਤੀ ਦੇ ਸੰਦਰਭ ਵਿੱਚ ਕਸ਼ਮੀਰ ਦੀ ਗੱਲ ਕਰ ਰਹੇ ਹਾਂ। ਅਤੇ ਜੇਕਰ ਅਸੀਂ ਮਦਦ ਕਰ ਸਕਦੇ ਹਾਂ ਤਾਂ ਯਕੀਨੀ ਤੌਰ ’ਤੇ ਕਰਾਂਗੇ। ਅਸੀਂ ਮੌਜੂਦਾ ਹਾਲਾਤ ਨੂੰ ਬਹੁਤ ਨੇੜਿਓਂ ਹੋ ਕੇ ਵੇਖ ਰਹੇ ਹਾਂ।’ ਚੇਤੇ ਰਹੇ ਕਿ ਪਿਛਲੇ ਸਾਲ 5 ਅਗਸਤ ਨੂੰ ਮੋਦੀ ਸਰਕਾਰ ਵੱਲੋਂ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਖਤਮ ਕਰਦਿਆਂ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਣ ਦੇ ਫੈਸਲੇ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ’ਚ ਕਸ਼ੀਦਗੀ ਸਿਖਰ ’ਤੇ ਹੈ। ਪਾਕਿਸਤਾਨ ਨੇ ਵੱਖ ਵੱਖ ਮੰਚਾਂ ’ਤੇ ਭਾਰਤ ਦੀ ਇਸ ਪੇਸ਼ਕਦਮੀ ਦਾ ਵਿਰੋਧੀ ਕੀਤਾ ਹੈ ਜਦੋਂਕਿ ਭਾਰਤ ਇਸ ਨੂੰ ਆਪਣਾ ਅੰਦਰੂਲੀ ਮਸਲਾ ਦੱਸ ਕੇ ਬਚਾਅ ਕਰਦਾ ਰਿਹਾ ਹੈ।