ਕਸ਼ਮੀਰ ’ਚ ਬਰਫ਼ਬਾਰੀ ਜਾਰੀ, ਸ੍ਰੀਨਗਰ ਤੋਂ ਉਡਾਨਾਂ ਰੱਦ
ਕਸ਼ਮੀਰ ਵਾਦੀ ਵਿਚ ਅੱਜ ਲਗਾਤਾਰ ਚੌਥੇ ਦਿਨ ਬਰਫ਼ਬਾਰੀ ਹੋਈ ਤੇ ਕਈ ਉਡਾਨਾਂ ਰੱਦ ਹੋ ਗਈਆਂ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੈਦਾਨੀ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਜਦਕਿ ਘਾਟੀ, ਜੰਮੂ ਤੇ ਲੱਦਾਖ ਤੇ ਉੱਚੇ ਇਲਾਕਿਆਂ ਵਿਚ ਭਰਵੀਂ ਬਰਫ਼ਬਾਰੀ ਹੋਈ। ਅਗਲੇ ਕੁਝ ਦਿਨਾਂ ਦੌਰਾਨ ਵੀ ਘਾਟੀ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਦੀ ਸੰਭਾਵਨਾ ਹੈ। ਅੱਜ ਬਰਫ਼ਬਾਰੀ ਕਾਰਨ ਸ੍ਰੀਨਗਰ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਹੋ ਗਈਆਂ। ਹਵਾਈ ਅੱਡੇ ਦੇ ਅਧਿਕਾਰੀ ਮੁਤਾਬਕ ਰਨਵੇਅ ’ਤੇ ਬਰਫ਼ ਕਾਰਨ ਕੋਈ ਜਹਾਜ਼ ਉਤਰ ਨਹੀਂ ਸਕਿਆ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵੀ ਹਵਾਈ ਅੱਡੇ ਤੋਂ ਸਾਰੀਆਂ ਉਡਾਨਾਂ ਰੱਦ ਹੋ ਗਈਆਂ ਸਨ। ਹਾਲਾਂਕਿ ਮੰਗਲਵਾਰ ਕੁਝ ਉਡਾਨਾਂ ਰਵਾਨਾ ਹੋਈਆਂ ਸਨ। ਜੰਮੂ-ਸ੍ਰੀਨਗਰ ਕੌਮੀ ਮਾਰਗ ਢਿੱਗਾਂ ਡਿਗਣ ਕਾਰਨ ਲਗਾਤਾਰ ਤੀਜੇ ਦਿਨ ਬੰਦ ਰਿਹਾ ਤੇ ਕਰੀਬ 5000 ਵਾਹਨ ਫ਼ਸ ਗਏ। ਰਾਮਬਨ ਜ਼ਿਲ੍ਹੇ ਵਿਚ ਡਿਗਡੋਲ ਤੇ ਪੰਥਿਆਲ ਖੇਤਰ ਵਿਚ ਜ਼ਮੀਨ ਖ਼ਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ।
ਹਿਮਾਚਲ ਪ੍ਰਦੇਸ਼ ਦੀਆਂ ਪ੍ਰਸਿੱਧ ਸੈਰਗਾਹਾਂ ਕੁਫ਼ਰੀ ਤੇ ਮਨਾਲੀ ’ਚ ਤਾਪਮਾਨ ਮਨਫ਼ੀ ਰਿਕਾਰਡ ਕੀਤਾ ਗਿਆ। ਜਦਕਿ ਕੇਲੌਂਗ ਮਨਫ਼ੀ 8.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਠੰਢਾ ਰਿਹਾ। ਮਨਾਲੀ ’ਚ ਘੱਟੋ-ਘੱਟ ਤਾਪਮਾਨ ਮਨਫ਼ੀ 2.4 ਡਿਗਰੀ ਤੇ ਕੁਫ਼ਰੀ ’ਚ ਮਨਫ਼ੀ 1.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਦਕਿ ਡਲਹੌਜ਼ੀ ਦਾ ਤਾਪਮਾਨ 0.6 ਡਿਗਰੀ ਤੇ ਸ਼ਿਮਲਾ ਦਾ 2.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸੂਬੇ ਵਿਚ 16 ਤੋਂ 18 ਜਨਵਰੀ ਅਤੇ 20 ਤੋਂ 21 ਜਨਵਰੀ ਤੱਕ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਅੱਜ ਤਾਪਮਾਨ ਮਨਫ਼ੀ ਦੇ ਨੇੜੇ-ਤੇੜੇ ਦਰਜ ਕੀਤਾ ਗਿਆ ਹੈ। ਪੰਜਾਬ ’ਚ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 2.6 ਡਿਗਰੀ, ਹਲਵਾਰਾ ਦਾ 2.5 ਡਿਗਰੀ, ਗੁਰਦਾਸਪੁਰ ਦਾ 3 ਡਿਗਰੀ, ਫ਼ਰੀਦਕੋਟ ਦਾ 3.5 ਡਿਗਰੀ ਤੇ ਬਠਿੰਡਾ ਦਾ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦਕਿ ਹਰਿਆਣਾ ’ਚ ਨਾਰਨੌਲ ਦਾ ਤਾਪਮਾਨ 2.5 ਡਿਗਰੀ, ਹਿਸਾਰ ਦਾ 2.6 ਡਿਗਰੀ, ਸਿਰਸਾ ਦਾ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਦਾ ਤਾਪਮਾਨ 9.2 ਅਤੇ ਅੰਬਾਲਾ ਦਾ 7.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੋਵਾਂ ਸੂਬਿਆਂ ਵਿਚ ਸਵੇਰੇ ਪਈ ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਈ।