ਕਸ਼ਮੀਰੀ ਸੇਬਾਂ ’ਤੇ ਲਿਖਿਆ ‘ਆਜ਼ਾਦੀ’ ਤੇ ‘ਬੁਰਹਾਨ ਵਾਨੀ’

ਕਸ਼ਮੀਰੀ ਸੇਬਾਂ ’ਤੇ ਲਿਖਿਆ ‘ਆਜ਼ਾਦੀ’ ਤੇ ‘ਬੁਰਹਾਨ ਵਾਨੀ’

ਜੰਮੂ-ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਫ਼ਲ ਵਪਾਰੀਆਂ ਵੱਲੋਂ ਖ਼ਰੀਦੇ ਗਏ ਕਸ਼ਮੀਰੀ ਸੇਬਾਂ ਦੇ ਡੱਬਿਆਂ ’ਤੇ ‘ਹਮੇਂ ਆਜ਼ਾਦੀ ਚਾਹੀਏ’, ‘ਮੁਝੇ ਬੁਰਹਾਨ ਵਾਨੀ ਪਸੰਦ ਹੈ’ ਤੇ ‘ਜ਼ਾਕਿਰ ਮੂਸਾ ਵਾਪਸ ਆਓ’ ਜਿਹੇ ਸੁਨੇਹੇ ਲਿਖੇ ਹੋਏ ਮਿਲੇ ਹਨ। ਇਸ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਲ ਵਪਾਰੀਆਂ ਨੇ ਕਿਹਾ ਕਿ ਜੇ ਸਰਕਾਰ ਕਾਰਵਾਈ ਕਰਨ ਵਿਚ ਨਾਕਾਮ ਰਹੀ ਤਾਂ ਉਹ ਕਸ਼ਮੀਰੀ ਸੇਬ ਦੀ ਖ਼ਰੀਦ ਦਾ ਬਾਈਕਾਟ ਕਰਨਗੇ ਕਿਉਂਕਿ ਇਨ੍ਹਾਂ ਸੁਨੇਹਿਆਂ ਕਾਰਨ ਲੋਕ ਇਨ੍ਹਾਂ ਨੂੰ ਖ਼ਰੀਦਣ ਤੋਂ ਇਨਕਾਰ ਕਰ ਰਹੇ ਹਨ। ਵਪਾਰੀਆਂ ਨੇ ਜਦ ਇੱਥੇ ਥੋਕ ਬਜ਼ਾਰ ਵਿਚੋਂ ਖ਼ਰੀਦੇ ਗਏ ਸੇਬ ਦੇ ਡੱਬੇ ਖੋਲ੍ਹੇ ਤਾਂ ਸੇਬਾਂ ’ਤੇ ਕਾਲੀ ਸਿਆਹੀ ਨਾਲ ਇਹ ਸੁਨੇਹੇ ਲਿਖੇ ਹੋਏ ਮਿਲੇ। ਕਠੂਆ ਥੋਕ ਬਜ਼ਾਰ ਦੇ ਪ੍ਰਧਾਨ ਰੋਹਿਤ ਗੁਪਤਾ ਦੀ ਅਗਵਾਈ ਵਿਚ ਫ਼ਲ ਵਪਾਰੀਆਂ ਨੇ ਇੱਥੇ ਪ੍ਰਦਰਸ਼ਨ ਕੀਤਾ ਤੇ ਪਾਕਿਸਤਾਨ ਅਤੇ ਅਤਿਵਾਦ ਵਿਰੋਧੀ ਨਾਅਰੇ ਲਾਏ। ਗੁਪਤਾ ਨੇ ਕਿਹਾ ਕਿ ਇਹ ਡੱਬੇ ਕਸ਼ਮੀਰ ਤੋਂ ਆਏ ਸਨ ਤੇ ਸੁਨੇਹੇ ਅੰਗ੍ਰੇਜ਼ੀ ਅਤੇ ਉਰਦੂ ਵਿਚ ਲਿਖੇ ਸਨ। ਉਨ੍ਹਾਂ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲੀਸ ਨੇ ਫ਼ਲ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਜਾਂਚ ਸ਼ੁਰੂ ਕਰ ਦਿੱਤੀ। ਸੇਬਾਂ ’ਤੇ ‘ਭਾਰਤ ਵਾਪਸ ਜਾਓ-ਭਾਰਤ ਵਾਪਸ ਜਾਓ’, ‘ਮੇਰੀ ਜਾਨ ਇਮਰਾਨ ਖ਼ਾਨ’ ਅਤੇ ‘ਪਾਕਿਸਤਾਨ-ਪਾਕਿਸਤਾਨ’ ਜਿਹੇ ਸੁਨੇਹੇ ਵੀ ਲਿਖੇ ਹੋਏ ਸਨ।

Radio Mirchi