ਕਾਂਗਰਸ ਨੇ ਅਯੁੱਧਿਆ ਫੈਸਲਾ ਅਤੇ ਕਸ਼ਮੀਰ ਮੁੱਦੇ ਲਟਕਾ ਕੇ ਰੱਖੇ: ਸ਼ਾਹ
ਮਾਨਿਕਾ/ਲੋਹਾਰਡੱਗਾ-ਭਾਜਪਾ ਦੇ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਅਯੁੱਧਿਆ ਮੁੱਦੇ ਨੂੰ ਚੁੱਕਦਿਆਂ ਕਾਂਗਰਸ ਉੱਤੇ ਦੋਸ਼ ਲਾਇਆ ਕਿ ਕਾਂਗਰਸ ਨੇ ਅਯੁੱਧਿਆ ਸਬੰਧੀ ਫੈਸਲਾ ਸੁਪਰੀਮ ਕੋਰਟ ਵਿੱਚ ਜਾਣ ਬੁੱਝ ਕੇ ਲਟਕਾ ਕੇ ਰੱਖਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਵੋਟਾਂ ਦੇ ਸਵਾਰਥ ਲਈ ਕਾਂਗਰਸ ਨੇ ਸੱਤਰ ਸਾਲ ਤਕ ਕਸ਼ਮੀਰ ਦੀ ਸਮੱਸਿਆ ਨੂੰ ਵੀ ਲਟਕਾ ਕੇ ਰੱਖਿਆ ਹੈ। ਸ੍ਰੀ ਸ਼ਾਹ ਨੇ ਰਾਮ ਮੰਦਰ ਬਾਰੇ ਕਿਹਾ ਕਿ ਕਈ ਸਾਲਾਂ ਤੋਂ ਫੈਸਲਾ ਨਹੀਂ ਆਇਆ ਸੀ। ਅਸੀਂ ਵੀ ਚਾਹੁੰਦੇ ਸੀ ਕਿ ਅਦਾਲਤ ਦਾ ਫੈਸਲਾ ਸੰਵਿਧਾਨ ਦੇ ਦਾਇਰੇ ਵਿੱਚ ਹੀ ਹੋਣਾ ਚਾਹੀਦਾ ਹੈ। ਦੇਖੋ ਹੁਣ ਭਗਵਾਨ ਰਾਮ ਦੀ ਕ੍ਰਿਪਾ ਨਾਲ ਸੁਪਰੀਮ ਕੋਰਟ ਨੇ ਰਾਮ ਮੰਦਰ ਦੀ ਉਸਾਰੀ ਲਈ ਰਾਹ ਪੱਧਰਾ ਕਰ ਦਿੱਤਾ ਹੈ। ਹਰ ਕੋਈ ਚਾਹੁੰਦਾ ਸੀ ਕਿ ਅਯੁੱਧਿਆ ਵਿੱਚ ਰਾਮ ਮੰਦਰ ਬਣੇ ਪਰ ਕਾਂਗਰਸ ਨੇ ਕੇਸ ਲਟਕਾ ਕੇ ਰੱਖਿਆ ਸੀ। ਅੱਜ ਸ੍ਰੀ ਸ਼ਾਹ ਨੇ ਮਨਿਕਾ ਅਤੇ ਲੋਹਾਰਡੱਗਾ ਵਿੱਚ ਭਾਜਪਾ ਦੇ ਹੱਕ ਵਿੱਚ ਦੋ ਰੈਲੀਆਂ ਕਰਕੇ ਸੂਬੇ ਵਿੱਚ ਚੋਣਾਂ ਦਾ ਮਾਹੌਲ ਭਖਾ ਦਿੱਤਾ ਹੈ।