ਕਾਂਗਰਸ ਨੇ ਧਾਰਾ 370 ਤੇ ਅਯੁੱਧਿਆ ਜਿਹੇ ਮੁੱਦੇ ਜਾਣ ਬੁੱਝ ਕੇ ਲਟਕਾਏ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਦੋਸ਼ ਲਾਇਆ ਕਿ ਦੇਸ਼ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਨੇ ਵੋਟ ਦੀ ਸਿਆਸਤ ਲਈ ਧਾਰਾ 370 ਤੇ ਅਯੁੱਧਿਆ ਵਿਵਾਦ ਜਿਹੇ ਕੌਮੀ ਮਸਲਿਆਂ ਨੂੰ ਜਾਣਬੁਝ ਕੇ ਲਟਕਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਝਾਰਖੰਡ ਨੂੰ ‘ਭ੍ਰਿਸ਼ਟ ਤੇ ਅਸਥਿਰ’ ਸਰਕਾਰਾਂ ਦਿੱਤੀਆਂ। ਸ੍ਰੀ ਮੋਦੀ ਜਮਸ਼ੇਦਪੁਰ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਕਿਹਾ, ‘ਦੇਸ਼ ਨੂੰ ਆਜ਼ਾਦੀ ਮਿਲਣ ਮਗਰੋਂ ਹੀ ਧਾਰਾ 370 ’ਤੇ ਘੁਸਰ ਮੁਸਰ ਸ਼ੁਰੂ ਹੋ ਗਈ ਸੀ। ਸੰਵਿਧਾਨ ਮੁਤਾਬਕ ਇਹ ਆਰਜ਼ੀ ਵਿਵਸਥਾ ਸੀ। ਜੰਮੂ ਤੇ ਕਸ਼ਮੀਰ ਵਿੱਚ ਹੁਣ ਧਾਰਾ 370 ਦਾ ਭੋਗ ਪੈ ਚੁੱਕਾ ਹੈ। ਪੂਰੇ ਮੁਲਕ ਨੇ ਇਸ ਮੁੱਦੇ ’ਤੇ ਸਾਡਾ ਸਾਥ ਦਿੱਤਾ। ਜਦੋਂ ਕੋਈ ਕੰਮ ਨੇਕ ਇਰਾਦੇ ਨਾਲ ਕਰੀਏ ਤਾਂ ਪੂਰੇ ਮੁਲਕ ਦੀਆਂ ਦੁਆਵਾਂ ਤੁਹਾਡੇ ਨਾਲ ਹੁੰਦੀਆਂ ਹਨ।’ ਪ੍ਰਧਾਨ ਮੰਤਰੀ ਨੇ ਕਿਹਾ, ‘ਕੀ ਰਾਮ ਜਨਮਭੂਮੀ ਵਿਵਾਦ ਸਾਡੀ ਸਰਕਾਰ ਸਮੇਂ ਸਾਹਮਣੇ ਆਇਆ? ਕਾਂਗਰਸ ਪਾਰਟੀ ਨੇ ਵੋਟ ਬੈਂਕ ਦੀ ਸਿਆਸਤ ਲਈ ਇਸ ਮਸਲੇ ਨੂੰ ਹੱਲ ਨਹੀਂ ਹੋਣ ਦਿੱਤਾ।’ ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਮਸਲਿਆਂ ਨੂੰ ਸਿਰਫ਼ ‘ਉਲਝਾਉਣਾ’ ਜਾਣਦੀ ਹੈ, ਜਦੋਂਕਿ ਮੁਸ਼ਕਲ ਹਾਲਾਤ ਨੂੰ ਕਿਵੇਂ ‘ਸੁਲਝਾਉਣਾ’ ਹੈ, ਭਾਜਪਾ ਹਿੱਸੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਜੇਐੱਮਐੱਮ-ਕਾਂਗਰਸ ਗੱਠਜੋੜ ਨੇ ਹਮੇਸ਼ਾ ‘ਫ਼ਰੇਬ’ ਦੀ ਸਿਆਸਤ ਕੀਤੀ ਹੈ ਜਦੋਂਕਿ ਭਾਜਪਾ ਲੋਕਾਂ ਦੀ ਸੇਵਾ ਕਰਨ ਵਿੱਚ ਯਕੀਨ ਰੱਖਦੀ ਹੈ।
ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਤਕ ਝਾਰਖੰਡ ਸਿਆਸੀ ਅਸਥਿਰਤਾ ਕਰਕੇ ਸੁਰਖੀਆਂ ’ਚ ਰਹਿੰਦਾ ਸੀ। ਸੂਬੇ ਨੇ ਡੇਢ ਦਹਾਕੇ ਵਿੱਚ ਪੰਦਰਾਂ ਦੇ ਕਰੀਬ ਮੁੱਖ ਮੰਤਰੀ ਵੇਖੇ ਹਨ, ਪਰ ਭਾਜਪਾ ਦੀ ਅਗਵਾਈ ਵਾਲੀ ਰਘੂਬਰ ਦਾਸ ਸਰਕਾਰ ਨੇ ਪੂਰੇ ਪੰਜ ਸਾਲ ਸਥਿਰ ਸਰਕਾਰ ਦਿੱਤੀ। ਇਸ ਤੋਂ ਪਹਿਲਾਂ ਸੂਬੇ ’ਚ ਮੁੱਖ ਮੰਤਰੀ ਮੌਸਮ ਵਾਂਗ ਬਦਲਦੇ ਸਨ। ਖੁੰਟੀ ਵਿੱਚ ਇਕ ਵੱਖਰੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਵੱਡੀ ਗਿਣਤੀ ਵਿੱਚ ਆ ਕੇ ਵੋਟਾਂ ਪਾਉਣਾ ਜਮਹੂਰੀਅਤ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। -