ਕਾਂਗਰਸ ਵਰਕਿੰਗ ਕਮੇਟੀ ਵੱਲੋਂ ਸੈਨਾ ਨਾਲ ਹੱਥ ਮਿਲਾਉਣ ਨੂੰ ਹਰੀ ਝੰਡੀ
ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਚੱਲ ਰਹੀ ਜੱਕੋ-ਤੱਕੀ ਦਰਮਿਆਨ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਨੇ ਅੱਜ ਸੂਬੇ ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਤੇ ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਉਂਜ ਇਸ ਸਬੰਧੀ ਆਖਰੀ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਮੀਟਿੰਗ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ 10 ਜਨਪੱਥ ਸਥਿਤ ਰਿਹਾਇਸ਼ ਉੱਤੇ ਹੋਈ। ਇਸ ਦੌਰਾਨ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਕਿਹਾ ਕਿ ਕਾਂਗਰਸ ਤੇ ਐੱਨਸੀਪੀ ਨੇ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਸਾਰੇ ਮੁੱਦੇ ਵਿਚਾਰ ਲਏ ਹਨ ਤੇ ਹੁਣ ਗੱਠਜੋੜ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਲਈ ਮੁੰਬਈ ਵਿੱਚ ਸ਼ਿਵ ਸੈਨਾ ਨਾਲ ਗੱਲਬਾਤ ਹੋਵੇਗੀ।
ਮੀਟਿੰਗ ਉਪਰੰਤ ਪਾਰਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਕਾਂਗਰਸ ਤੇ ਐੱਨਸੀਪੀ ਦਰਮਿਆਨ ਚੱਲ ਰਹੀ ਗੱਲਬਾਤ ਬਾਰੇ ਸੀਡਬਲਿਊਸੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਾਰਟੀ ਵਿਚਲੇ ਸੂਤਰਾਂ ਨੇ ਕਿਹਾ ਕਿ ਆਖਰੀ ਫ਼ੈਸਲਾ ਸ਼ੁੱਕਰਵਾਰ ਨੂੰ ਆਉਣ ਦੀ ਉਮੀਦ ਹੈ। ਇਕ ਸੂਤਰ ਨੇ ਕਿਹਾ, ‘ਕਾਂਗਰਸ ਵਰਕਿੰਗ ਕਮੇਟੀ ਨੇ ਸ਼ਿਵ ਸੈਨਾ ਤੇ ਐੱਨਸੀਪੀ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਸਹਿਮਤੀ ਦੇ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਕਾਂਗਰਸ ਤੇ ਐੱਨਸੀਪੀ ਆਗੂਆਂ ਨਾਲ ਮੀਟਿੰਗ ਉਪਰੰਤ ਕਿਹਾ ਕਿ ਲਗਪਗ ਸਾਰੇ ਮੁੱਦਿਆਂ ’ਤੇ ਦੋਵੇਂ ਭਾਈਵਾਲ ‘ਇਕਮੱਤ’ ਹਨ ਤੇ ਹੁਣ ਗੱਠਜੋੜ ਭਾਈਵਾਲਾਂ, ਜਿਸ ਵਿੱਚ ਸ਼ਿਵ ਸੈਨਾ ਵੀ ਸ਼ਾਮਲ ਹੈ, ਵੱਲੋਂ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਐਲਾਨ ਮਗਰੋਂ ਸੱਤਾ ਦੀ ਵੰਡ ਸਬੰਧੀ ਫਾਰਮੂਲੇ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਐੱਨਸੀਪੀ ਆਗੂ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਅੱਜ ਦੁਪਹਿਰ ਸਮੇਂ ਹੋਈ ਮੀਟਿੰਗ ਵਿੱਚ ਕਾਂਗਰਸ ਆਗੂ ਅਹਿਮਦ ਪਟੇਲ, ਜੈਰਾਮ ਰਮੇਸ਼ ਤੇ ਮਲਿਕਾਰਜੁਨ ਖੜਗੇ ਤੇ ਐੱਨਸੀਪੀ ਆਗੂ ਪ੍ਰਫੁੱਲ ਪਟੇਲ, ਸੁਪ੍ਰਿਆ ਸੂਲੇ, ਅਜੀਤ ਪਵਾਰ, ਜੈਯੰਤ ਪਾਟਿਲ ਤੇ ਨਵਾਬ ਮਲਿਕ ਮੌਜੂਦ ਸਨ।