ਕਾਂਗਰਸ ਵੱਲੋਂ ਜੰਮੂ ਕਸ਼ਮੀਰ ’ਚ ਸਥਾਨਕ ਚੋਣਾਂ ਦਾ ਬਾਈਕਾਟ
ਜੰਮੂ-ਕਾਂਗਰਸ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਲਗਾਤਾਰ ਨਜ਼ਰਬੰਦੀ ਅਤੇ ਸੂਬਾ ਪ੍ਰਸ਼ਾਸਨ ਦੇ ਉਦਾਸੀਨ ਰਵੱਈਏ ਦੇ ਮੱਦੇਨਜ਼ਰ ਜੰਮੂ ਕਸ਼ਮੀਰ ’ਚ ਹੋਣ ਵਾਲੀਆਂ ਬਲਾਕ ਡਿਵੈੱਲਪਮੈਂਟ ਕੌਂਸਲ (ਬੀਡੀਸੀ) ਦੀਆਂ ਚੋਣਾਂ ਦੇ ਬਾਈਕਾਟ ਦਾ ਫ਼ੈਸਲਾ ਕੀਤਾ ਹੈ।
ਜੰਮੂ ਅਤੇ ਕਸ਼ਮੀਰ ਵਿੱਚ ਬੀਡੀਸੀ ਦੀਆਂ ਚੋਣਾਂ 24 ਅਕਤੂਬਰ ਨੂੰ ਹੋਣੀਆਂ ਹਨ ਅਤੇ ਬੀਤੀ 5 ਅਗਸਤ ਨੂੰ 370 ਤਹਿਤ ਵਿਸ਼ੇਸ਼ ਰਾਜ ਦਾ ਦਰਜਾ ਖਤਮ ਹੋਣ ਮਗਰੋਂ ਸੂਬੇ ਵਿੱਚ ਹੋਣ ਵਾਲੀਆਂ ਇਹ ਪਹਿਲੀਆਂ ਚੋਣਾਂ ਹਨ।
ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਜੀਏ ਮੀਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਲੋਕਤੰਤਰ ਨੂੰ ਮਜ਼ਬੂਤ ਕਰਨ ’ਚ ਵਿਸ਼ਵਾਸ ਰੱਖਦੀ ਹੈ ਅਤੇ ਉਸਨੂੰ ਕਿਸੇ ਵੀ ਚੋਣ ਲੜਨ ਤੋਂ ਗੁਰੇਜ਼ ਨਹੀਂ ਹੈ ਪਰ ਅੱਜ ਉਹ ਸੂਬਾ ਪ੍ਰਸ਼ਾਸਨ ਦੇ ਵੱਖਵਾਦੀ ਰਵੱਈਏ ਅਤੇ ਘਾਟੀ ਵਿੱਚ ਪਾਰਟੀ ਦੇ ਨੇਤਾਵਾਂ ਦੀ ਨਜ਼ਰਬੰਦੀ ਜਾਰੀ ਰੱਖੇ ਜਾਣ ਕਾਰਨ ਇਹ ਫ਼ੈਸਲਾ ਲੈਣ ਲਈ ਮਜਬੂਰ ਹਨ।
ਸ੍ਰੀ ਮੀਰ, ਜੋ ਕਿ ਹੁਣੇ ਜਿਹੇ ਹੀ ਨਜ਼ਰਬੰਦੀ ’ਚੋਂ ਰਿਹਾਅ ਹੋਏ ਹਨ, ਨੇ ਦੋਸ਼ ਲਾਇਆ ਸੂਬਾ ਪ੍ਰਸ਼ਾਸਨ ਭਾਜਪਾ ਨੂੰ ਜਿੱਤ ਦਿਵਾਉਣ ਦੇ ਮਕਸਦ ਨਾਲ ਮੁੱਖ ਧਾਰਾ ’ਚ ਸ਼ਾਮਲ ਪਾਰਟੀਆਂ ਦੇ ਰਾਹ ’ਚ ਅੜਿੱਕੇ ਪੈਦਾ ਕਰ ਰਿਹਾ ਹੈ।
ਪੀਪੀਸੀ ਨੇਤਾ ਨੇ ਦੋਸ਼ ਲਾਇਆ ਕਿ ਨੇਤਾਵਾਂ ਅਤੇ ਵਰਕਰਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ ਜਿਸ ਕਾਰਨ ਸਿਆਸੀ ਮਾਹੌਲ ਅਤੇ ਸਿਆਸੀ ਸਰਗਰਮੀਆਂ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ ਅਤੇ ਇਸ ਸਭ ਕੁਝ ਵਿੱਚ ਕਾਂਗਰਸ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਕਾਂਗਰਸ ਨੇ ਨੈਸ਼ਨਲ ਪੈਂਥਰ ਪਾਰਟੀ ਨਾਲ ਮਿਲ ਕੇ ਚੋਣਾਂ ਦੇ ਸਮੇਂ ਅਤੇ ਮੌਜੂਦਾ ਸੁਰੱਖਿਆ ਹਾਲਾਤ ਬਾਰੇ ਬੋਲਦਿਆਂ ਚੋਣਾਂ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਸੀ।
ਸ੍ਰੀ ਮੀਰ ਨੇ ਕਿਹਾ ਕਿ ਚੋਣਾਂ ਵਿੱਚ ਹਿੱਸਾ ਲੈਣ ਦੇ ਫ਼ੈਸਲੇ ਮਗਰੋਂ ਕਾਂਗਰਸ ਨੇ ਸੂਬਾ ਚੋਣ ਕਮਿਸ਼ਨ ਨੂੰ ਮਿਲ ਕੇ ਪਾਰਟੀ ਦੇ ਨੇਤਾਵਾਂ ਨੂੰ ਚੋਣ ਅਮਲ ਵਿੱਚ ਹਿੱਸਾ ਲੈਣ ਖੁੱਲ੍ਹ ਕੇ ਵਿਚਰਨ ਦੇਣ ਲਈ ਪਹੁੰਚ ਵੀ ਕੀਤੀ ਸੀ।
ਉਨ੍ਹਾਂ ਕਿਹਾ, ‘‘ਪਾਰਟੀ ਨੇ ਬੀਡੀਸੀ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਪੱਤਰ ਜਾਰੀ ਕੀਤਾ ਸੀ ਕਿ ਤਾਂ ਕਿ ਪਾਰਟੀ ਵੱਲੋਂ ਇਸ ਲੋਕਤੰਤਰਿਕ ਅਮਲ ਵਿੱਚ ਹਿੱਸਾ ਪਾਇਆ ਜਾ ਸਕੇ ਅਤੇ ਸਾਡੇ ਕੁਝ ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਵੀ ਭਰੇ ਹਨ।’’
ਸ੍ਰੀ ਮੀਰ ਨੇ ਕਿਹਾ ਕਿ ਭਾਵੇਂ ਅੱਜ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਪਰ ਉਨ੍ਹਾਂ ਨੇ ਸੂਬੇ ਦੇ ਹਾਲਾਤ ਦੇ ਮੱਦੇਨਜ਼ਰ ਅਤੇ ਮੁੱਖ ਧਾਰਾ ਵਾਲੀਆਂ ਪਾਰਟੀਆਂ ਦੇ ਮੁੱਖ ਨੇਤਾਵਾਂ ਓਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਆਦਿ ਦੀ ਨਜ਼ਰਬੰਦੀ ਕਾਰਨ ਚੋਣ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸੂਬਾ ਪ੍ਰਸ਼ਾਸਨ ਨੇ ਕਿਹਾ ਸੀ ਕਿ ਕਸ਼ਮੀਰ ਵਿੱਚ ਨਜ਼ਰਬੰਦ ਸਿਆਸੀ ਨੇਤਾਵਾਂ ਨੂੰ ਸਥਿਤੀ ਦੀ ਨਜ਼ਰਸਾਨੀ ਮਗਰੋਂ ਪੜਾਅਵਾਰ ਰਿਹਾਅ ਕਰ ਦਿੱਤਾ ਜਾਵੇਗਾ।