ਕਾਂਗਰਸੀ ਆਗੂ ਹਰੀਸ਼ ਰਾਵਤ ਖ਼ਿਲਾਫ਼ ਕੇਸ ਦਰਜ
ਨਵੀਂ ਦਿੱਲੀ-ਕਾਂਗਰਸ ਦੇ ਸੀਨੀਅਰ ਆਗੂਆਂ ਪੀ. ਚਿਦੰਬਰਮ ਅਤੇ ਡੀ.ਕੇ ਸ਼ਿਵਕੁਮਾਰ ਖ਼ਿਲਾਫ਼ ਵੱਖ-ਵੱਖ ਮਾਮਲਿਆਂ ਵਿਚ ਕੇਸ ਦਰਜ ਕਰਨ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਹੁਣ ਪਾਰਟੀ ਦੇ ਉਤਰਾਖੰਡ ਤੋਂ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਰੀਸ਼ ਦੇ ਭਰਾ ਹਰਕ ਸਿੰਘ ਰਾਵਤ ਜੋ ਕਿ ਹੁਣ ਤ੍ਰਿਵੇਂਦਰ ਸਿੰਘ ਰਾਵਤ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿਚ ਮੰਤਰੀ ਹਨ, ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਕੇਸ 2016 ਦੇ ਇਕ ਮਾਮਲੇ ਨਾਲ ਜੁੜਿਆ ਹੋਇਆ ਹੈ ਜਿਸ ’ਚ ਹਰੀਸ਼ ਰਾਵਤ ਅਤੇ ਉਨ੍ਹਾਂ ਦੇ ਭਰਾ ਹਰਕ ਸਿੰਘ ਰਾਵਤ ’ਤੇ ਨਾਰਾਜ਼ ਵਿਧਾਇਕਾਂ ਨਾਲ ‘ਸੌਦੇਬਾਜ਼ੀ’ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਕ ਖ਼ਬਰ ਚੈਨਲ ਵੱਲੋਂ ਚਲਾਈ ਗਈ ਆਡੀਓ ਟੇਪ ’ਚ ਰਾਵਤ ਭਾਜਪਾ ’ਚ ਰਲੇ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਕਰ ਰਹੇ ਦਿਖਾਏ ਗਏ ਸਨ ਤਾਂ ਕਿ ਉਹ ਸੱਤਾ ਵਿਚ ਪਰਤ ਸਕਣ। ਸੀਬੀਆਈ ਨੇ ਸੂਬੇ ਵਿਚ ਰਾਸ਼ਟਰਪਤੀ ਰਾਜ ਅਧੀਨ ਇਸ ਮਾਮਲੇ ਦੀ ਜਾਂਚ ਕੀਤੀ ਸੀ। ਫੋਰੈਂਸਿਕ ਲੈਬ ਭੇਜੀ ਗਈ ਟੇਪ ਸਹੀ ਪਾਈ ਗਈ ਸੀ। ਸੀਬੀਆਈ ਨੇ ਇਸ ਮਾਮਲੇ ਵਿਚ ਉਤਰਾਖੰਡ ਹਾਈ ਕੋਰਟ ਵਿਚ ਰਿਪੋਰਟ ਪੇਸ਼ ਕੀਤੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਏਜੰਸੀ ਨੂੰ ਅਗਲੀ ਕਾਰਵਾਈ ਦੀ ਇਜਾਜ਼ਤ ਦੇ ਦਿੱਤੀ ਸੀ। ਸੀਬੀਆਈ ਨੇ ਨੋਇਡਾ ਆਧਾਰਿਤ ਚੈਨਲ ‘ਸਮਾਚਾਰ ਪਲੱਸ’ ਦੇ ਮੁੱਖ ਸੰਪਾਦਕ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਉਨ੍ਹਾਂ ਏਅਰਪੋਰਟ ਲਾਂਜ ਵਿਚ ਸਟਿੰਗ ਅਪਰੇਸ਼ਨ ਕੀਤਾ ਸੀ। ਹਾਲਾਂਕਿ ਦਿੱਲੀ ਹਾਈ ਕੋਰਟ ਨੇ ਅੱਜ ਕਾਲੇ ਧਨ ਨੂੰ ਸਫੈਦ ਕਰਨ ਨਾਲ ਸਬੰਧਤ ਕੇਸ ਵਿੱਚ ਕਰਨਾਟਕ ਕਾਂਗਰਸ ਦੇ ਆਗੂ ਡੀਕੇ ਸ਼ਿਵਕੁਮਾਰ ਨੂੰ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ। ਸ਼ਿਵਕੁਮਾਰ ਖ਼ਿਲਾਫ਼ ਈਡੀ ਨੇ ਕੇਸ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ ਪਹੁੰਚ ਕੇ ਸ਼ਿਵਕੁਮਾਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ। ਹਾਈ ਕੋਰਟ ਨੇ ਕਿਹਾ ਕਿ ਅਜਿਹਾ ਕੋਈ ਵੀ ਸੰਕੇਤ ਨਹੀਂ ਮਿਲ ਰਿਹਾ ਜਿਸ ਤੋਂ ਲੱਗਦਾ ਹੋਵੇ ਕਿ ਕਾਂਗਰਸ ਆਗੂ ਸ਼ਿਵਕੁਮਾਰ ਭਗੌੜਾ ਹੋ ਸਕਦਾ ਹੈ ਅਤੇ ਨਾ ਹੀ ਸਬੂਤ ਜਾਂ ਗਵਾਹਾਂ ਦੇ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਇਸ ਤੋਂ ਬਾਅਦ ਅਦਾਲਤ ਨੇ ਸ਼ਿਵਕੁਮਾਰ ਨੂੰ 25 ਲੱਖ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦੇ ਦਿੱਤੀ ਤੇ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ।