ਕਾਢ ਨੂੰ ਨਿਰਮਾਣ ਤੱਕ ਲਿਜਾਣ ਨੌਜਵਾਨ ਵਿਗਿਆਨਕ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨ ਵਿਗਿਆਨਕਾਂ ਨੂੰ ‘ਕਾਢ, ਪੇਟੈਂਟ, ਨਿਰਮਾਣ ਤੇ ਖ਼ੁਸ਼ਹਾਲੀ’ ਦੇ ਪੰਧ ’ਤੇ ਅੱਗੇ ਵਧਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਚਾਰ ਕਦਮ ਮੁਲਕ ਨੂੰ ਤੇਜ਼ੀ ਨਾਲ ਵਿਕਾਸ ਵੱਲ ਲੈ ਜਾਣਗੇ। ਪ੍ਰਧਾਨ ਮੰਤਰੀ ਨੇ ਭਾਰਤੀ ਵਿਗਿਆਨ, ਤਕਨੀਕ ਤੇ ਖੋਜ ਦੇ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਯਕੀਨੀ ਬਣਾਏਗੀ ਸੂਚਨਾ ਤਕਨੀਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕਰ ਕੇ ਲਾਲ ਫੀਤਾਸ਼ਾਹੀ ਨੂੰ ਘੱਟ ਕੀਤਾ ਜਾਵੇ, ਵਿਗਿਆਨਕ ਕਾਰਜ ਸੌਖੇ ਹੋ ਸਕਣ। ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਦੀ ਗਾਥਾ ਵਿਗਿਆਨ ਤੇ ਤਕਨੀਕ ਦੇ ਖੇਤਰ ਉੱਤੇ ਹੀ ਨਿਰਭਰ ਕਰਦੀ ਹੈ। ਉਨ੍ਹਾਂ ਅੱਜ ਇੱਥੇ ਭਾਰਤੀ ਵਿਗਿਆਨ ਕਾਂਗਰਸ ਦੇ 107ਵੇਂ ਸੈਸ਼ਨ ਦੇ ਉਦਘਾਟਨ ਮੌਕੇ ਕਿਹਾ ਕਿ ਜਦ ਅਸੀਂ ਨਵੀਂ ਕਾਢ ਕੱਢ ਉਸ ਨੂੰ ਪੇਟੈਂਟ ਕਰਾਵਾਂਗੇ ਤਾਂ ਇਸ ਨਾਲ ਨਿਰਮਾਣ ਆਸਾਨ ਹੋਵੇਗਾ। ਜਦ ਅਸੀਂ ਇਨ੍ਹਾਂ ਉਤਪਾਦਾਂ ਨੂੰ ਲੋਕਾਂ ਕੋਲ ਲੈ ਕੇ ਜਾਵਾਂਗੇ ਤਾਂ ਯਕੀਨੀ ਤੌਰ ’ਤੇ ਖ਼ੁਸ਼ਹਾਲੀ ਆਵੇਗੀ। ਉਨ੍ਹਾਂ ਇਸ ਗੱਲ ’ਤੇ ਖ਼ੁਸ਼ੀ ਜਤਾਈ ਕਿ ‘ਗਲੋਬਲ ਇਨੋਵੇਸ਼ਨ ਇੰਡੈਕਸ’ ਵਿਚ ਭਾਰਤ ਦੀ ਦਰਜਾਬੰਦੀ ਸੁਧਰ ਕੇ 52 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਪ੍ਰੋਗਰਾਮ ਪ੍ਰਭਾਵ ਪਾਉਣ ’ਚ ਸਫ਼ਲ ਰਹੇ ਹਨ ਤੇ ਪਿਛਲੇ ਪੰਜ ਸਾਲਾਂ ਵਿਚ ਤਕਨੀਕ ਅਧਾਰਿਤ ਕਾਰੋਬਾਰ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਭਾਰਤ ਤਕਨੀਕੀ ਤੇ ਤਰਕਸੰਗਤ ਸੋਚ ਰੱਖਦਾ ਹੈ ਤਾਂ ਕਿ ਸਮਾਜਿਕ ਤੇ ਆਰਥਿਕ ਵਿਕਾਸ ਨੂੰ ਨਵੇਂ ਰਾਹ ਮਿਲ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਸਤੇ ਸਮਾਰਟ ਫੋਨ ਬਣਨ ਤੇ ਡੇਟਾ ਸਸਤਾ ਹੋਣ ਕਾਰਨ ਨਾਗਰਿਕਾਂ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਉਹ ਸਰਕਾਰ ਨਾਲ ਸਿੱਧੇ ਜੁੜ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੀ ਨਾਗਰਿਕਾਂ ਨਾਲ ਰਾਬਤਾ ਕਾਇਮ ਕਰਨ ਲਈ ਵੱਧ ਤੋਂ ਵੱਧ ਵਿਗਿਆਨ ਤੇ ਤਕਨੀਕ ਇਸਤੇਮਾਲ ਕਰ ਰਹੀ ਹੈ ਤਾਂ ਕਿ ਲੋਕ ਸੌਖੇ ਰਹਿਣ।