ਕਾਰੋਬਾਰਾਂ ਨੂੰ 3 ਦਿਨ ਚ ਮਿਲੇਗਾ GST ਰਜਿਸਟ੍ਰੇਸ਼ਨ, ਕਰਨਾ ਹੋਵੇਗਾ ਇਹ ਕੰਮ
ਨਵੀਂ ਦਿੱਲੀ— ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਤਹਿਤ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੰਦੇ ਸਮੇਂ ਜੋ ਕਾਰੋਬਾਰ ਆਧਾਰ ਨੰਬਰ ਦੇਣਗੇ, ਉਨ੍ਹਾਂ ਨੂੰ ਤਿੰਨ ਕੰਮਕਾਜੀ ਦਿਨਾਂ 'ਚ ਇਸ ਦੀ ਮਨਜ਼ੂਰੀ ਮਿਲ ਜਾਏਗੀ।
ਕੇਂਦਰੀ ਅਪ੍ਰਤੱਖ ਕਰ ਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਪਿਛਲੇ ਹਫਤੇ ਜੀ. ਐੱਸ. ਟੀ. ਰਜਿਸਟ੍ਰੇਸ਼ਨ ਲਈ ਆਧਾਰ ਪ੍ਰਮਾਣੀਕਰਨ ਨੂੰ ਨੋਟੀਫਾਈਡ ਕੀਤਾ ਸੀ, ਜੋ 21 ਅਗਸਤ 2020 ਤੋਂ ਲਾਗੂ ਹੈ।
ਨੋਟੀਫਿਕੇਸ਼ਨ ਮੁਤਾਬਕ, ਜੇਕਰ ਕਾਰੋਬਾਰ ਆਧਾਰ ਨੰਬਰ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਨੂੰ 'ਫਿਜੀਕਲ ਵੈਰੀਫਿਕੇਸ਼ਨ' ਪਿੱਛੋਂ ਹੀ ਜੀ. ਐੱਸ. ਟੀ. ਰਜਿਸਟ੍ਰੇਸ਼ਨ ਦਿੱਤਾ ਜਾਵੇਗਾ। ਵਿੱਤ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ 14 ਮਾਰਚ, 2020 ਨੂੰ ਆਯੋਜਿਤ ਜੀ. ਐੱਸ. ਟੀ. ਪ੍ਰਸ਼ਿਦ ਦੀ 39ਵੀਂ ਬੈਠਕ 'ਚ ਨਵੇਂ ਟੈਕਸਦਾਤਾਵਾਂ ਲਈ ਆਧਾਰ ਪ੍ਰਮਾਣੀਕਰਨ ਦੇ ਬੇਸ 'ਤੇ ਜੀ. ਐੱਸ. ਟੀ. ਰਜਿਸਟ੍ਰੇਸ਼ਨ ਦੇਣ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ, ਕੋਰੋਨਾ ਮਹਾਮਾਰੀ ਕਾਰਨ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਫਿਜੀਕਲ ਵੈਰੀਫਿਕੇਸ਼ਨ ਦੀ ਸਥਿਤੀ 'ਚ 21 ਕੰਮਕਾਜੀ ਦਿਨ ਜਾਂ ਉਸ ਤੋਂ ਵੱਧ ਸਮਾਂ ਲੱਗ ਸਕਦਾ ਹੈ।