ਕਿਉਂ ਨਹੀਂ ਦਿੱਤੀ ਗਈ ਕਿਸੇ ਨੂੰ ਅਨੁਸ਼ਕਾ ਤੇ ਨੰਨ੍ਹੀ ਬੱਚੀ ਨਾਲ ਮਿਲਣ ਦੀ ਇਜਾਜ਼ਤ?

ਕਿਉਂ ਨਹੀਂ ਦਿੱਤੀ ਗਈ ਕਿਸੇ ਨੂੰ ਅਨੁਸ਼ਕਾ ਤੇ ਨੰਨ੍ਹੀ ਬੱਚੀ ਨਾਲ ਮਿਲਣ ਦੀ ਇਜਾਜ਼ਤ?

ਮੁੰਬਈ – ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਮਾਤਾ-ਪਿਤਾ ਬਣ ਗਏ ਹਨ। ਕੱਲ ਯਾਨੀ 11 ਜਨਵਰੀ ਨੂੰ ਅਨੁਸ਼ਕਾ ਨੇ ਇਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਤੇ ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਾਂ ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੀਡੀਆ ਰਿਪੋਰਟਾਂ ਅਨੁਸਾਰ ਕੋਵਿਡ-19 ਮਹਾਮਾਰੀ ਕਾਰਨ ਹਸਪਤਾਲ ’ਚ ਅਨੁਸ਼ਕਾ ਸ਼ਰਮਾ ਤੇ ਨੰਨ੍ਹੀ ਬੱਚੀ ਨਾਲ ਮੁਲਾਕਾਤ ’ਤੇ ਪਾਬੰਦੀ ਲਗਾਈ ਗਈ ਹੈ।
ਮਹਿਮਾਨ ਵਲੋਂ ਤੋਹਫ਼ੇ ਤੇ ਫੁੱਲ ਭੇਜਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਕੀਤੀ ਗਈ ਹੈ, ‘ਅਨੁਸ਼ਕਾ ਸ਼ਰਮਾ ਤੇ ਬੇਬੀ ਗਰਲ ਨੂੰ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਯਾਤਰੀਆਂ ਨੂੰ ਮਿਲਣ ਦੀ ਆਗਿਆ ਨਹੀਂ ਹੈ। ਸਾਰੀ ਸਾਵਧਾਨੀ ਵਰਤੀ ਜਾ ਰਹੀ ਹੈ।’
ਦੱਸਣਯੋਗ ਹੈ ਕਿ ਵਿਰਾਟ ਤੇ ਅਨੁਸ਼ਕਾ ਸ਼ਰਮਾ ਨੇ ਸਾਲ 2017 ’ਚ ਵਿਆਹ ਕਰਵਾਇਆ ਸੀ। ਹਾਲ ਹੀ ’ਚ ਵਿਰਾਟ ਕੋਹਲੀ ਨੇ ਟਵਿਟਰ ’ਤੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦਿਆਂ ਲਿਖਿਆ, ‘ਸਾਨੂੰ ਦੋਵਾਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਦੁਪਹਿਰ ਸਾਡੇ ਘਰ ਇਕ ਧੀ ਨੇ ਜਨਮ ਲਿਆ ਹੈ। ਅਸੀਂ ਤੁਹਾਡੇ ਪਿਆਰ ਤੇ ਸ਼ੁਭਕਾਮਨਾਵਾਂ ਲਈ ਤਹਿ ਦਿਲੋਂ ਧੰਨਵਾਦੀ ਹਾਂ। ਅਨੁਸ਼ਕਾ ਤੇ ਸਾਡੀ ਧੀ ਦੋਵੇਂ ਬਿਲਕੁਲ ਠੀਕ ਹਨ ਤੇ ਸਾਡੀ ਚੰਗੀ ਕਿਸਮਤ ਹੈ ਕਿ ਸਾਨੂੰ ਇਸ ਜ਼ਿੰਦਗੀ ਦੇ ਇਸ ਅਧਿਆਇ ਦਾ ਅਨੁਭਵ ਹੋਇਆ। ਅਸੀਂ ਜਾਣਦੇ ਹਾਂ ਕਿ ਤੁਸੀਂ ਯਕੀਨੀ ਤੌਰ ’ਤੇ ਸਮਝੋਗੇ ਕਿ ਇਸ ਸਮੇਂ ਸਾਨੂੰ ਸਾਰਿਆਂ ਨੂੰ ਕੁਝ ਪ੍ਰਾਈਵੇਸੀ ਦੀ ਜ਼ਰੂਰਤ ਹੈ।’
ਦੱਸਣਯੋਗ ਹੈ ਕਿ ਵਿਰਾਟ ਕੋਹਲੀ ਦੇ ਭਰਾ ਵਿਕਾਸ ਕੋਹਲੀ ਵਲੋਂ ਇਕ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਵਿਰਾਟ-ਅਨੁਸ਼ਕਾ ਦੀ ਨੰਨ੍ਹੀ ਪਰੀ ਦੀ ਜਾਣਕਾਰੀ ਦਿੱਤੀ ਗਈ ਸੀ। ਹਾਲਾਂਕਿ ਵਿਕਾਸ ਕੋਹਲੀ ਨੇ ਬਾਅਦ ’ਚ ਇਹ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਵਲੋਂ ਸਾਂਝੀ ਕੀਤੀ ਗਈ ਤਸਵੀਰ ਇੰਟਰਨੈੱਟ ਤੋਂ ਲਈ ਗਈ ਹੈ ਤੇ ਬੇਟੀ ਦੀ ਅਸਲ ਤਸਵੀਰ ਨਹੀਂ ਹੈ।

Radio Mirchi