ਕਿਮ ਨੇ ਨਵੇਂ ਹਥਿਆਰਾਂ ਦੇ ਪ੍ਰਦਰਸ਼ਨ ਦੀ ਧਮਕੀ ਦਿੱਤੀ
ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਪਰਮਾਣੂ ਅਤੇ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਈਲ ਅਜ਼ਮਾਇਸ਼ ’ਤੇ ਲੱਗੀ ਰੋਕ ਹਟਾਉਣ ਦਾ ਐਲਾਨ ਕਰਦਿਆਂ ਜਲਦੀ ਹੀ ਨਵੇਂ ਹਥਿਆਰਾਂ ਦੇ ਪ੍ਰਦਰਸ਼ਨ ਦੀ ਧਮਕੀ ਦਿੱਤੀ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਰਕਾਰੀ ਮੀਡੀਆ ਦੁਆਰਾ ਦਿੱਤੀ ਗਈ ਇਹ ਖ਼ਬਰ ਇਸ ਤਰ੍ਹਾਂ ਹੈ ਜਿਵੇਂ ਕਿਮ ‘ਡੋਨਲਡ ਟਰੰਪ ਦੇ ਸਿਰ’ ਉੱਪਰ ਮਿਜ਼ਾਈਲ ਰੱਖ ਰਹੇ ਹੋਣ, ਪ੍ਰੰਤੂ ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਉਕਸਾਵੇ ਦਾ ਉੱਤਰੀ ਕੋਰੀਆ ਨੂੰ ਜਵਾਬ ਵੀ ਮਿਲੇਗਾ। ਅਮਰੀਕਾ ਇਸ ਦਾ ਜਵਾਬ ਦੇਣ ਲਈ ਤਤਪਰ ਹੈ, ਹਾਲਾਂਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਮ ਨੂੰ ‘ਕੋਈ ਹੋਰ ਰਾਹ’ ਚੁਣਨ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਉੱਤਰ ਕੋਰੀਆ ਨਾਲ ‘ਸ਼ਾਂਤੀ ਚਾਹੁੰਦਾ ਹੈ, ਨਾ ਕਿ ਵਿਵਾਦ।’
ਸਰਕਾਰੀ ਖ਼ਬਰ ਏਜੰਸੀ ਨੇ ਕਿਮ ਦੇ ਹਵਾਲੇ ਨਾਲ ਕਿਹਾ, ‘‘ਸਾਡੇ ਲਈ ਹੁਣ ਇਕਤਰਫ਼ਾ ਵਚਨਬੱਧਤਾ ਨਿਭਾਉਂਦੇ ਰਹਿਣ ਦਾ ਕੋਈ ਆਧਾਰ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਦੁਨੀਆਂ ਹੁਣ ਇੱਕ ਨਵਾਂ ਰਣਨੀਤਕ ਹਥਿਆਰ ਦੇਖੇਗੀ, ਜੋ ਨੇੜ ਭਵਿੱਖ ਵਿੱਚ ਉੱਤਰ ਕੋਰੀਆ ਕੋਲ ਹੋਵੇਗਾ।’’ ਕਿਮ ਨੇ ਕਿਹਾ, ‘‘ਅਮਰੀਕਾ ਅਜਿਹੀਆਂ ਮੰਗਾਂ ਕਰ ਰਿਹਾ ਹੈ, ਜੋ ਸਾਡੇ ਮੁਲਕ ਦੇ ਮੌਲਿਕ ਹਿੱਤਾਂ ਦੇ ਉਲਟ ਹਨ ਅਤੇ ਉਹ ਕਿਸੇ ਲੁਟਰੇ ਵਾਂਗ ਵਿਹਾਰ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਨੇ ਕਈ ਛੋਟੇ ਤੇ ਵੱਡੇ ਸੰਯੁਕਤ ਸੈਨਾ ਅਭਿਆਸ ਕੀਤੇ, ਜਿਨ੍ਹਾਂ ਨੂੰ ਰੋਕਣ ਦਾ ਉਥੋਂ ਨੇ ਰਾਸ਼ਟਰਪਤੀ ਨੂੰ ਵਿਅਕਤੀਗਤ ਰੂਪ ਵਿੱਚ ਵਾਅਦਾ ਕੀਤਾ ਸੀ ਪਰ ਉਸ ਨੇ ਦੱਖਣੀ ਕੋਰੀਆ ਵਿੱਚ ਉੱਚ ਤਕਨੀਕ ਵਾਲੇ ਸੈਨਾ ਯੰਤਰ ਭੇਜੇ ਜਦਕਿ ਉੱਤਰੀ ਕੋਰੀਆ ਖ਼ਿਲਾਫ਼ ਪਾਬੰਦੀਆਂ ਵਧਾ ਦਿੱਤੀਆਂ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਮਾਣ-ਸਨਮਾਨ ਨੂੰ ਦਾਅ ’ਤੇ ਨਹੀਂ ਲਾ ਸਕਦੇ। ਸਾਡੇ ਲੋਕਾਂ ਨੂੰ ਹੋਈ ਤਕਲੀਫ਼ ਦੀ ਭਰਪਾਈ ਕਰਨ ਲਈ ਪਿਓਂਗਯਾਂਗ ਹੈਰਾਨੀਜਨਕ ਕਦਮ ਚੁੱਕੇਗਾ।’’