ਕਿਸਾਨ ਖ਼ੁਦਕੁਸ਼ੀ: ਅੰਦੋਲਨਕਾਰੀਆਂ ਤੇ ਸਰਕਾਰ ਵਿਚਾਲੇ ਗੱਲਬਾਤ ਬੇਸਿੱਟਾ
ਬੀਤੇ ਦਿਨ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਜਗਸੀਰ ਸਿੰਘ ਦਾ ਅੱਜ ਵੀ ਪੋਸਟਮਾਰਟਮ ਨਹੀਂ ਹੋਇਆ। ਪ੍ਰਸ਼ਾਸਨ ਨਾਲ ਅੱਜ ਹੋਈ ਗੱਲਬਾਤ ’ਚ ਕਿਸਾਨ ਯੂਨੀਅਨ ਵੱਲੋਂ ਮ੍ਰਿਤਕ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਇਕ ਕਰੋੜ ਰੁਪਏ ਦੀ ਰਾਹਤ ਰਾਸ਼ੀ ਦੇਣ ਸਮੇਤ ਅੰਦੋਲਨ ਦੀਆਂ ਮੰਗਾਂ ਮੰਨਣ ਦੀ ਸ਼ਰਤ ਸਿਰੇ ਨਾ ਚੜ੍ਹਨ ਕਾਰਨ ਅੱਜ ਵੀ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਦੇ ਨਾਲ ਹੀ ਜਥੇਬੰਦੀ ਦੀ ਲੀਡਰਸ਼ਿਪ ਨੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿਚ ਲਗਾਇਆ ਹੋਇਆ ਧਰਨਾ ਚੁੱਕ ਕੇ ਸ਼ਾਮ ਨੂੰ ਹਸਪਤਾਲ ਦੀ ਮੌਰਚਰੀ ਸਾਹਮਣੇ ਲਗਾ ਦਿੱਤਾ।
ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਮੌਰਚਰੀ ਦੀ ਬਿਜਲੀ ਬੰਦ ਕੀਤੀ ਗਈ ਹੈ। ਸ਼ਾਮ 6 ਵਜੇ ਜਥੇਬੰਦੀ ਦੇ ਕਾਰਕੁਨ ਕਿਸਾਨ ਦੀ ਦੇਹ ਨੂੰ ਮੌਰਚਰੀ ਵਿਚੋਂ ਕੱਢ ਕੇ ਐੱਸਡੀਐੱਮ ਦਫ਼ਤਰ ਦੇ ਵਿਹੜੇ ’ਚ ਲਿਜਾ ਕੇ ਧਰਨੇ ’ਤੇ ਬੈਠ ਗਏ। ਪਰਾਲੀ ਮਾਮਲਿਆਂ ਦੇ ਹੱਲ ਲਈ 31 ਦਿਨਾਂ ਤੋਂ ਇਥੇ ਪੰਜਾਬ ਵਿਆਪੀ ਅੰਦੋਲਨ ਕਰ ਰਹੀ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੌਰਚਰੀ ਦੀ ਬਿਜਲੀ ਸਪਲਾਈ ਕੱਟਣ ਅਤੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ’ਚ ਧਰਨਾਕਾਰੀਆਂ ਲਈ ਬਿਜਲੀ, ਪਾਣੀ ਦੀਆਂ ਸਹੂਲਤਾਂ ਬੰਦ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਦੇ ਡੀਸੀ, ਐੱਸਐੱਸਪੀ ਸਮੇਤ ਬਹੁਤ ਸਾਰੇ ਅਧਿਕਾਰੀਆਂ ਦੀ ਸਾਂਝੀ ਮੀਟਿੰਗ ’ਚ ਉਨ੍ਹਾਂ ਉਕਤ ਜ਼ਿਕਰਯੋਗ ਮੰਗਾਂ ਮੰਨਣ ਲਈ ਆਖਿਆ ਸੀ, ਪਰ ਡੀਸੀ ਵੱਲੋਂ ਆਪਣੇ ਅਖ਼ਤਿਆਰੀ ਫੰਡ ’ਚੋਂ 3 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਤੋਂ ਇਲਾਵਾ ਅੰਦੋਲਨ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦੀ ਹੀ ਗੱਲ ਕਹੀ। ਇਸ ’ਤੇ ਗੱਲਬਾਤ ਵਿਚਾਲੇ ਛੱਡ ਕੇ ਜਥੇਬੰਦੀ ਦੀ ਲੀਡਰਸ਼ਿਪ ਮਾਰਕੀਟ ਕਮੇਟੀ ਦਫ਼ਤਰ ਜੈਤੋ ’ਚੋਂ ਬਾਹਰ ਆ ਗਈ। ਅੱਜ ਮ੍ਰਿਤਕ ਜਗਸੀਰ ਦਾ ਪਰਿਵਾਰ ਤੇ ਰਿਸ਼ਤੇਦਾਰ ਵੀ ਇਥੇ ਪਹੁੰਚ ਗਏ। ਸ੍ਰੀ ਡੱਲੇਵਾਲ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਜਥੇਬੰਦੀ ਦਾ ਪੂਰਾ ਸਹਿਯੋਗ ਹੈ ਤੇ ਯੂਨੀਅਨ ਵੀ ਪਰਿਵਾਰ ਦੇ ਨਾਲ ਖੜ੍ਹੀ ਹੈ। ਸਿਵਲ ਹਸਪਤਾਲ ਜੈਤੋ ਦੇ ਐੱਸਐੱਮਓ ਡਾ. ਕੀਮਤੀ ਆਨੰਦ ਨੇ ਮੌਰਚਰੀ ਦੀ ਬਿਜਲੀ ਬੰਦ ਕੀਤੇ ਜਾਣ ਦੇ ਦੋਸ਼ਾਂ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਇਸੇ ਦੌਰਾਨ ਕੋਟਕਪੂਰਾ ਤੋਂ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਇਥੇ ਅੰਦੋਲਨਕਾਰੀਆਂ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਪਹੁੰਚੇ। ਕਰੀਬ 8 ਵਜੇ ਸ਼ਾਮ ਨੂੰ ਸੰਘਰਸ਼ ਕਰ ਰਹੀ ਕਿਸਾਨ ਜਥੇਬੰਦੀ ਦੀ ਪ੍ਸ਼ਾਸਨ ਨਾਲ ਗੱਲਬਾਤ ਸਿਰੇ ਨਾ ਚੜ੍ਹਨ ਕਾਰਨ ਯੂਨੀਅਨ ਨੇ 9 ਦਸੰਬਰ ਨੂੰ ਜੈਤੋ ਵਿਖੇ ਪੰਜਾਬ ਪੱਧਰੀ ਇਕੱਠ ਸੱਦ ਕੇ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਹੈ।