ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਅੱਜ ਮਨਾਉਣਗੇ ਫ਼ਤਹਿ ਦਿਵਸ
ਨਵੀਂ ਦਿੱਲੀ : ਮੋਰਚਾ ਫਤਹਿ ਕਰਨ ਮਗਰੋਂ ਕਿਸਾਨ ਹੁਣ ਸ਼ਨਿਚਰਵਾਰ ਨੂੰ ਦਿੱਲੀ ਦੇ ਬਾਰਡਰਾਂ ’ਤੇ ਫ਼ਤਹਿ ਦਿਵਸ ਮਨਾਉਣਗੇ। ਮੋਰਚੇ ਨੇ ਇਸ ਖਾਸ ਮੌਕੇ ਲਈ ਸਥਾਨਕ ਲੋਕਾਂ ਨੂੰ ਵੀ ਸੱਦਾ ਦਿੱਤਾ ਹੈ। ਇਸ ਮੌਕੇ ਮੋਰਚੇ ਵਿੱਚ ਅਹਿਮ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਧਰ ਜਿੱਤ ਮਗਰੋਂ ਕਾਹਲੇ ਪਏ ਕੁਝ ਕਿਸਾਨਾਂ ਨੇ ਅੱਜ ਸ਼ਾਮ ਨੂੰ ਹੀ ਘਰ ਵਾਪਸੀ ਲਈ ਚਾਲੇ ਪਾ ਦਿੱਤੇ ਹਨ। ਕਿਸਾਨਾਂ ਨੇ ਅੱਜ ਆਪਣੇ ਤੰਬੂ ਤੇ ਬੰਬੂ ਪੁੱਟ ਕੇ ਸਾਮਾਨ ਟਰਾਲੀਆਂ, ਟਰੱਕਾਂ ਵਿੱਚ ਲੱਦ ਲਿਆ। ਕਿਸਾਨਾਂ ਦੇ ਕਾਫਲੇ ਅੱਜ ਸ਼ਾਮ ਨੂੰ ਹੀ ਪੰਜਾਬ ਤੇ ਹਰਿਆਣਾ ਵੱਲ ਨੂੰ ਤੁਰ ਪਏ, ਜਿਸ ਕਾਰਨ ਕੌਮੀ ਮਾਰਗਾਂ ਉਪਰ ਖਾਸ ਕਰਕੇ ਬਾਰਡਰਾਂ ਨੇੜੇ ਜਾਮ ਵਾਲੇ ਹਾਲਾਤ ਬਣ ਗਏ। ਲੋਕਾਂ ਨੇ ਮੁੱਖ ਸਟੇਜ ਨਜ਼ਦੀਕ ਵੱਡੇ ਲੰਗਰਾਂ ਵਾਲੇ ਪੰਡਾਲ ਵੀ ਹਟਾ ਦਿੱਤੇ ਹਨ। ਹਾਲਾਂਕਿ ਕਿਸਾਨਾਂ ਨੇ ਅੱਜ ਰਾਤ ਤੇ ਭਲਕੇ ਸਵੇਰ ਦੇ ਖਾਣੇ ਲਈ ਸਾਰੇ ਪ੍ਰਬੰਧ ਕਰ ਲੲੇ ਹਨ। ਸਿੰਘੂ ਬਾਰਡਰ ਦੀ ਮੁੱਖ ਸਟੇਜ ਨੂੰ ਵੀ ਪੁੁੱਟ ਦਿੱਤਾ ਗਿਆ ਹੈ। ਇਹ ਆਰਜ਼ੀ ਸਟੇਜ ਲੋਹੇ ਦੀਆਂ ਰਾਡਾਂ ਤੇ ਟੀਨ ਦੀ ਛੱਤ ਪਾ ਕੇ ਬਣਾਈ ਗਈ ਸੀ। ਇਸ ਦੌਰਾਨ ਕਿਸਾਨਾਂ ਨੇ ਰਾਤ ਸਮੇਂ ਪਟਾਕੇ ਚਲਾਏ ਤੇ ਆਤਿਸ਼ਬਾਜ਼ੀ ਕੀਤੀ। ਸੰਯੁਕਤ ਕਿਸਾਨ ਮੋਰਚਾ ਗਾਜ਼ੀਪੁਰ ਬਾਰਡਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ 11 ਦਸੰਬਰ ਨੂੰ ਗਾਜ਼ੀਪੁਰ ਬਾਰਡਰ ’ਤੇ ਵਿਜੈ ਦਿਵਸ ਇਸੇ ਮੰਚ ਰਾਹੀਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਜੈ ਦਿਵਸ ਲਈ ਸਥਾਨਕ ਲੋਕਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਕਿਸਾਨ ਅੰਦੋਲਨ ਵਿੱਚ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਅਤੇ ਸਹਿਯੋਗੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਲਕੇ ਸਾਰਾ ਦਿਨ ਬਾਰਡਰ ’ਤੇ ਪ੍ਰੋਗਰਾਮ ਹੋਣਗੇ ਤੇ ਸ਼ਾਮ ਨੂੰ ਕਿਸਾਨ ਮਜ਼ਦੂਰ ਖੁਸ਼ੀਆਂ ਮਨਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨ 12 ਦਸੰਬਰ ਨੂੰ ਗਾਜ਼ੀਪੁਰ ਬਾਰਡਰ ਤੋੋਂ ਨਿਕਲਣੇ ਸ਼ੁਰੂ ਹੋ ਜਾਣਗੇ। 15 ਦਸੰਬਰ ਤੱਕ ਗਾਜ਼ੀਪੁਰ ਬਾਰਡਰ ਤੋਂ ਸਾਰੇ ਟੈਂਟ ਅਤੇ ਹੋਰ ਢਾਂਚਾ ਹਟਾ ਦਿੱਤਾ ਜਾਵੇਗਾ।
ਮੋਰਚੇ ਦੇ ਆਗੂ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਮੋਰਚਾ ਫ਼ਤਿਹ ਕਰਨ ਮਗਰੋਂ ਸ਼ੁਕਰਾਨੇ ਵਜੋਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅੱਜ ਇਥੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਕਿਸਾਨ ਆਗੂਆਂ ਦੀ ਟੀਮ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸਨਮਾਨ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਲੜਾਈ ਨੂੰ ਜਿੱਤਣ ਵਿਚ ਦਿੱਲੀ ਦੀਆਂ ਸੰਗਤਾਂ ਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਵੀ ਅਹਿਮ ਭੂਮਿਕਾ ਸੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ’ਤੇ ਮੋਰਚੇ ਚਲਾਉਣਾ ਸਾਡੀ ਮਜਬੂਰੀ ਸੀ, ਪਰ ਇਨ੍ਹਾਂ ਮੋਰਚਿਆਂ ਕਾਰਨ ਦਿੱਲੀ ਦੇ ਲੋਕਾਂ ਨੂੰ ਜੋ ਤਕਲੀਫਾਂ ਹੋਈਆਂ, ਉਸ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਆਫੀ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵੱਲੋਂ ਮੋਰਚੇ ਲਈ ਪਾਇਆ ਯੋਗਦਾਨ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਤੇ ਹੋਰਨਾਂ ਨੇ ਵੀ ਵਿਚਾਰ ਰੱਖੇ।
ਮੋਰਚੇ ਦੀ ਬਦੌਲਤ ਮੁੜ ਪਈ ਸਾਂਝ : ਟਿਕੈਤ
ਬੀਕੇਯੂ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਮੋਰਚੇ ਦੀ ਬਦੌਲਤ ਸਾਲਾਂ ਤੋਂ ਟੁੱਟੀ ਸਾਂਝ ਮੁੜ ਪੈ ਗਈ ਹੈ। ਮਹਿੰਦਰ ਸਿੰਘ ਟਿਕੈਤ ਕਹਿੰਦੇ ਹੁੰਦੇ ਸਨ ਕਿ ਪੰਜਾਬ ਅਗਵਾਈ ਕਰੇਗਾ, ਹਰਿਆਣਾ ਨਾਲ ਲੱਗੇਗਾ ਤੇ ਦਿੱਲੀ ਦੇ 300 ਕਿਲੋਮੀਟਰ ਦੇ ਘੇਰੇ ਦੇ ਲੋਕ ਇਕਜੁੱਟ ਹੋਣਗੇ ਤੇ ਉਹ ਸਮਾਂ ਆ ਗਿਆ ਤੇ ਸਫਲਤਾ ਵੀ ਮਿਲੀ ਹੈ। ਟਿਕੈਤ ਨੇ ਦਿੱਲੀ ਦੀਆਂ ਸੰਗਤਾਂ ਤੇ ਦਿੱਲੀ ਗੁਰਦੁਆਰਾ ਕਮੇਟੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਮੁੜ ਸਰਕਾਰ ਨੂੰ ਚਿਤਾਵਨੀ ਿਦੱਤੀ ਕਿ ਜੇਕਰ ਕਿਸਾਨਾਂ ਦੀ ਬਕਾਇਆ ਮੰਗਾਂ ਨੂੰ ਛੇਤੀ ਨਾ ਮੰਨਿਆ ਤਾਂ ਉਹ ਮੁੜ ਤੋਂ ਅੰਦੋਲਨ ਸ਼ੁਰੂ ਕਰਨਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਦਿੱਲੀ ਸਰਹੱਦਾਂ ਤੋਂ ਜਿੱਤ ਕੇ ਮੁੜਨ ਵਾਲੇ ਕਿਸਾਨਾਂ ਦਾ ਸਵਾਗਤ ਕਰੇਗੀ। ਉਨ੍ਹਾਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਬੇਮਿਸਾਲ ਏਕਤਾ ਨੇ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ।