ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਰਹੀ ਬੇਸਿੱਟਾ

ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਰਹੀ ਬੇਸਿੱਟਾ

ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੱਕ ਪੁੱਜੇ ਕਿਸਾਨਾਂ ਨੇ ਇਸ ਮੁੱਦੇ ’ਤੇ ਪੰਜ ਮੈਂਬਰੀ ਵਿਸ਼ੇਸ਼ ਕਮੇਟੀ ਗਠਿਤ ਕਰਨ ਦੇ ਕੇਂਦਰ ਸਰਕਾਰ ਦੇ ਸੁਝਾਅ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਥੇ ਵਿਗਿਆਨ ਭਵਨ ਵਿੱਚ ਕੀਤੀ ਮੀਟਿੰਗ ਦੌਰਾਨ ਖੇਤੀ ਕਾਨੂੰਨਾਂ ਬਾਰੇ ਤੌਖਲਿਆਂ ਨੂੰ ਦੂਰ ਕਰਨ ਲਈ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ 35 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਖਾਰਜ ਕਰ ਦਿੱਤਾ। ਹਾਲਾਂਕਿ ਦੋਵੇਂ ਧਿਰਾਂ ਨੇ ਵੀਰਵਾਰ ਨੂੰ ਅਗਲੇ ਗੇੜ ਦੀ ਗੱਲਬਾਤ ਲਈ ਸਹਿਮਤੀ ਦਿੱਤੀ। ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਬਾਰੇ ਤੌਖਲਿਆਂ ਦੀ ਪਛਾਣ ਕਰਕੇ ਭਲਕੇ ਬੁੱਧਵਾਰ ਤਕ ਸਰਕਾਰ ਨੂੰ ਇਸ ਬਾਰੇ ਦੱਸਣ ਲਈ ਕਿਹਾ ਹੈ ਤਾਂ ਕਿ ਵੀਰਵਾਰ ਨੂੰ ਅਗਲੇ ਗੇੜ ਦੀ ਮੀਟਿੰਗ ਦੌਰਾਨ ਇਨ੍ਹਾਂ ’ਤੇ ਚਰਚਾ ਹੋ ਸਕੇ। ਕਿਸਾਨ ਯੂਨੀਅਨਾਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਰੋਸ ਪ੍ਰਦਰਸ਼ਨਾਂ ਨੂੰ ਦੇਸ਼ ਭਰ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ। ਮੀਟਿੰਗ ਵਿੱਚ ਸਰਕਾਰ ਵੱਲੋਂ ਤਿੰਨ ਕੇਂਦਰੀ ਮੰਤਰੀ ਮੌਜੂਦ ਸਨ, ਪਰ ਇਸ ਦੇ ਬਾਵਜੂਦ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਹੁਣ ਅਗਲੇ ਗੇੜ ਦੀ ਗੱਲਬਾਤ ਲਈ 3 ਦਸੰਬਰ ਨੂੰ ਮੁੜ ਸੱਦਿਆ ਹੈ। ਉਧਰ ਸਰਕਾਰ ਨੇ ਕਿਹਾ ਕਿ ਸੰਵਾਦ ਦਾ ਸਿਲਸਿਲਾ ਜਾਰੀ ਰਹੇਗਾ ਤੇ ਅਗਲੇ ਗੇੜ ਦੀ ਗੱਲਬਾਤ ਪਹਿਲਾਂ ਮਿੱਥੇ ਮੁਤਾਬਕ ਵੀਰਵਾਰ 3 ਦਸੰਬਰ ਨੂੰ ਹੋਵੇਗੀ। ਇਸ ਦੌਰਾਨ ਖੇਤੀ ਮੰਤਰਾਲੇ ਨੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਹਰਿਆਣਾ, ਯੂਪੀ, ਦਿੱਲੀ ਤੇ ਉੱਤਰਾਖੰਡ ਨਾਲ ਸਬੰਧਤ ਨੁਮਾਇੰਦਿਆਂ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ। ਬੀਕੇਯੂ ਆਗੂ ਨਰੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਆਗੂਆਂ ਦਾ ਇਕ ਹੋਰ ਵਫ਼ਦ ਸ਼ਾਮ ਸੱਤ ਵਜੇ ਦੇ ਕਰੀਬ ਸਰਕਾਰੀ ਨੁਮਾਇੰਦਿਆਂ ਨੂੰ ਮਿਲਿਆ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਹਾਲੀਆ ਅਮਲ ਵਿੱਚ ਆਏ ਖੇਤੀ ਕਾਨੂੰਨਾਂ ’ਦੇ ਨਾਲ ਕਿਸਾਨਾਂ ਲਈ ਬਿਜਲੀ ਦਰਾਂ ’ਤੇ ਵੀ ਚਰਚਾ ਹੋਈ। ਪਹਿਲੀ ਮੀਟਿੰਗ ਉਪਰੰਤ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਗੱਲਬਾਤ ਬੇਸਿੱਟਾ ਰਹੀ ਤੇ ਕਿਸਾਨ ਯੂਨੀਅਨਾਂ ਨੂੰ ਪੰਜ ਮੈਂਬਰੀ ਕਮੇਟੀ ਬਣਾਉਣ ਸਬੰਧੀ ਸਰਕਾਰ ਦੀ ਤਜਵੀਜ਼ ਸਵੀਕਾਰ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਵਿੱਚ ਵੀ ਅਜਿਹੀਆਂ ਕਈ ਕਮੇਟੀਆਂ ਬਣੀਆਂ, ਪਰ ਨਤੀਜਾ ਸਿਫਰ ਰਿਹਾ। ਇਸ ਤੋਂ ਪਹਿਲਾਂ ਵਿਗਿਆਨ ਭਵਨ ਵਿੱਚ ਤਿੰਨ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਦੌਰਾਨ 35 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਖੇਤੀ ਕਾਨੂੰਨਾਂ ਬਾਰੇ ਤੌਖਲੇ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਪ੍ਰਬੰਧ ਦਾ ਭੋਗ ਪਾਉਣ ਲਈ ਰਾਹ ਪੱਧਰਾ ਕਰਨਗੇ ਤੇ ਕਿਸਾਨ ਵੱਡੇ ਕਾਰਪੋਰੇਟਾਂ ਦੇ ਰਹਿਮੋ ਕਰਮ ’ਤੇ ਰਹਿ ਜਾਣਗੇ। ਸਰਕਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਬਿਹਤਰ ਮੌਕੇ ਮਿਲਣਗੇ ਤੇ ਖੇਤੀ ਸੈਕਟਰ ਵਿੱਚ ਨਵੀਆਂ ਤਕਨੀਕਾਂ ਦਾ ਦਾਖ਼ਲਾ ਸੰਭਵ ਹੋਵੇਗਾ। ਤਿੰਨ ਘੰਟੇ ਦੇ ਕਰੀਬ ਚੱਲੀ ਇਸ ਮੀਟਿੰਗ ਵਿੱਚ ਕੇੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਰੇਲ ਅਤੇ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅਤੇ ਵਣਜ ਮੰਤਰਾਲੇ ’ਚ ਰਾਜ ਮੰਤਰੀ ਤੇ ਪੰਜਾਬ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਮੌਜੂਦ ਸਨ।
ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਸਰਕਾਰ ਦਾ ਇਹ ਵਿਚਾਰ ਸੀ ਕਿ (ਕਿਸਾਨਾਂ ਜਥੇਬੰਦੀਆਂ ਦੇ) ਇੰਨੇ ਵੱਡੇ ਸਮੂਹ ਨਾਲ ਗੱਲਬਾਤ ਕਰਦਿਆਂ ਕਿਸੇ ਨਤੀਜੇ ’ਤੇ ਪੁੱਜਣਾ ਮੁਸ਼ਕਲ ਹੈ ਤੇ ਇਹੀ ਵਜ੍ਹਾ ਹੈ ਕਿ ਸਰਕਾਰ ਨੇ ਛੋਟਾ ਸਮੂਹ/ਕਮੇਟੀ ਬਣਾਉਣ ਦਾ ਸੁਝਾਅ ਦਿੱਤਾ, ਜਿਸ ਨੂੰ ਕਿਸਾਨ ਆਗੂਆਂ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਹ ਇਕਜੁੱਟ ਹੋ ਕੇ ਹੀ ਸਰਕਾਰ ਨੂੰ ਮਿਲਣਗੇ। ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਸਰਕਾਰ ਉਨ੍ਹਾਂ ਵਿੱਚ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕਰਕੇ ਰੋਸ ਮੁਜ਼ਾਹਰਿਆਂ ਕਰਕੇ ਬਣੀ ਲੈਅ ਨੂੰ ਤੋੜਨਾ ਚਾਹੁੰਦੀ ਹੈ। ਬੀਕੇਯੂ (ਡਕੌਂਦਾ) ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ, ‘ਸਰਕਾਰ ਨੇ ਸਾਨੂੰ 5 ਤੋਂ 7 ਨਾਮ ਦੇਣ ਲਈ ਕਿਹਾ ਸੀ ਤਾਂ ਕਿ ਬਿਹਤਰ ਵਿਚਾਰ ਚਰਚਾ ਲਈ ਛੋਟੀ ਕਮੇਟੀ ਬਣਾਈ ਜਾ ਸਕੇ, ਪਰ ਅਸੀਂ ਇਸ ਨੂੰ ਰੱਦ ਕਰ ਦਿੱਤਾ। ਅਸੀਂ ਸਾਫ਼ ਕਰ ਦਿੱਤਾ ਕਿ ਅਸੀਂ ਸਾਰੇ ਮੌਜੂਦ ਰਹਾਂਗੇ।’ ਮੀਟਿੰਗ ਦੌਰਾਨ ਵਿਗਿਆਨ ਭਵਨ ਦੇ ਨੇੜੇ ਸੁਰੱਖਿਆ ਦਾ ਭਾਰੀ ਬੰਦੋਬਸਤ ਸੀ। ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਤੋਂ ਰਾਜਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਬੂਟਾ ਸਿੰਘ ਬੁਰਜਗਿੱਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਕਾਦੀਆਂ) ਤੋਂ ਸੁਰਜੀਤ ਸਿੰਘ ਫੂਲ, ਦੋਆਬਾ ਕਿਸਾਨ ਕਮੇਟੀ ਤੋਂ ਹਰਪਾਲ ਸਿੰਘ ਸੰਘਾ, ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਮਾਨਸਾ, ਪੰਜਾਬ ਕਿਸਾਨ ਯੂਨੀਅਨ ਮਾਨਸਾ, ਬੀਕੇਯੂ (ਕਾਦੀਆਂ) ਤੋਂ ਹਰਮੀਤ ਸਿੰਘ ਕਾਦੀਆਂ, ਬੀਕੇਯੂ ਲੱਖੋਵਾਲ ਤੇ ਬੀਕੇਯੂ ਰਾਜੇਵਾਲ ਤੋਂ ਬਲਬੀਰ ਸਿੰਘ ਰਾਜੇਵਾਲ ਤੇ ਹੋਰ ਯੂਨੀਅਨਾਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਦੌਰਾਨ ਕੁੱਝ ਮਿੰਟ ਲਈ ਬਰੇਕ ਹੋਈ ਤਾਂ ਕੇਂਦਰੀ ਮੰਤਰੀ ਨੇ ਕਿਸਾਨ ਆਗੂਆਂ ਨੂੰ ਚਾਹ ਪੀਣ ਦਾ ਸੱਦਾ ਦਿੱਤਾ ਤਾਂ ਹਲਕਾ ਮਾਹੌਲ ਬਣ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਉਹ (ਕੇਂਦਰੀ ਮੰਤਰੀ) ਧਰਨੇ ਉਪਰ ਚੱਲਣ ਤਾਂ ਲੰਗਰ ਮਿਲੇਗਾ। ਇਸ ਮਗਰੋਂ ਜੈਕਾਰੇ ਵੀ ਗੂੰਜੇ। ਉਂਜ ਵਿਗਿਆਨ ਭਵਨ ਵਿੱਚ ਹੋਈ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ, ਅਮਿਤ ਸ਼ਾਹ, ਤੋਮਰ ਤੇ ਗੋਇਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨਾਲ ਵੱਖਰੇ ਤੌਰ ’ਤੇ ਮੀਟਿੰਗ ਕੀਤੀ।

Radio Mirchi