ਕਿਸਾਨਾਂ ਨੂੰ ਪਾਸ ਬਿਨਾਂ ਕਣਕ ਦੀ ਖਰੀਦ ਹੋਈ ਫੇਲ੍ਹ
ਕਣਕ ਵੇਚਣ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਸ ਜਾਰੀ ਕਰਨ ਦੀ ਨੀਤੀ ਕਾਰਗਰ ਸਾਬਤ ਨਾ ਹੋਣ ਕਰਕੇ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹਨ। ਇਹ ਪਾਸ ਆੜ੍ਹਤੀਆਂ ਰਾਹੀਂ ਜਾਰੀ ਕੀਤੇ ਜਾ ਰਹੇ ਹਨ ਪਰ ਸਰਕਾਰੀ ਖ਼ਰੀਦ ਸ਼ੁਰੂ ਹੋਣ ਤੋਂ ਪੰਜਵੇਂ ਦਿਨ ਤੱਕ ਵੀ ਕਈ ਆੜ੍ਹਤੀਆਂ ਨੂੰ ਪਾਸ ਨਹੀਂ ਮਿਲੇ ਜਿਸ ਕਰਕੇ ਉਨ੍ਹਾਂ ਨਾਲ ਜੁੜੇ ਕਿਸਾਨਾਂ ਨੂੰ ਡਾਢੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਕਿਸਾਨਾਂ ਨੂੰ ਜਾਂ ਤਾਂ ਕਣਕ ਵਢਵਾਉਣ ਲਈ ਰੁਕਣਾ ਪੈ ਰਿਹਾ ਹੈ ਜਾਂ ਫਿਰ ਉਨ੍ਹਾਂ ਨੂੰ ਵੱਢੀ ਕਣਕ ਘਰਾਂ ’ਚ ਹੀ ਢੇਰੀ ਕਰਨੀ ਪੈ ਰਹੀ ਹੈ। ਇਹ ਦੋਵੇਂ ਪੱਖ ਜਿਥੇ ਮੌਸਮ ਦੀ ਖਰਾਬੀ ਕਰਕੇ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ, ਉਥੇ ਹੀ ਕਿਸਾਨਾਂ ਨੂੰ ਦੋਹਰੀ ਮੁਸ਼ੱਕਤ ਵੀ ਕਰਨੀ ਪੈ ਰਹੀ ਹੈ।
ਨਵੀਂ ਅਨਾਜ ਮੰਡੀ ਦੇ ਸਵਾ ਸੌ ਆੜ੍ਹਤੀਆਂ ਵਿਚੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਸਮੇਤ 45 ਆੜ੍ਹਤੀਆਂ ਕੋਲ 19 ਅਪਰੈਲ ਤੱਕ ਪਾਸ ਨਹੀਂ ਪੁੱਜੇ। ਇਨ੍ਹਾਂ ਨਾਲ਼ ਤਕਰੀਬਨ ਡੇਢ ਹਜ਼ਾਰ ਕਿਸਾਨ ਜੁੜੇ ਹੋਏ ਹਨ। ਆੜ੍ਹਤੀਆਂ ਨੇ ਮੰਡੀ ਬੋਰਡ ਨੂੰ ਲਿਸਟ ਭੇਜ ਕੇ ਪਾਸ ਜਾਰੀ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਨਾਲ਼ ਸਬੰਧਿਤ 40 ਏਕੜ ਦੇ ਮਾਲਕ ਛੰਨਾ ਵਾਸੀ ਕਿਸਾਨ ਹਰਪਾਲ ਸਿੰਘ ਅਤੇ ਕਰੀਬ 50 ਏਕੜ ਦੇ ਮਾਲਕ ਰਣਧੀਰ ਸਿੰਘ ਵਾਸੀ ਆਲੋਵਾਲ ਨੇ ਪਾਸ ਨਾ ਹੋਣ ਕਾਰਨ ਵਾਢੀ ਹੀ ਸ਼ੁਰੂ ਨਹੀਂ ਕੀਤੀ। ਜਦਕਿ ਗੁਰਤੇਜ ਸਿੰਘ ਅਤੇ ਭਜਨ ਸਿੰਘ ਵਾਸੀਆਨ ਪਨੌਦੀਆਂ ਨੇ ਪਾਸ ਨਾ ਮਿਲਣ ਕਰਕੇ ਕਣਕ ਘਰ ਸੁੱਟ ਲਈ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਮੰਡੀ ਵਿਚ ਰੋਜ਼ਾਨਾ 18 ਆੜ੍ਹਤੀਆਂ ਨੂੰ ਪਾਸ ਜਾਰੀ ਹੁੰਦੇ ਹਨ ਤੇ ਪ੍ਰਤੀ ਆੜ੍ਹਤੀ ਪੰਜ ਪਾਸਾਂ ਦੇ ਨਿਯਮ ਤਹਿਤ ਰੋਜ਼ਾਨਾ 90 ਕਿਸਾਨ ਹੀ ਜਿਣਸ ਲਿਆ ਸਕਦੇ ਹਨ।