ਕਿਸਾਨਾਂ ਨੇ ਟਰੈਕਟਰ ਮਾਰਚ ਨਾਲ ਦਿਖਾਇਆ ਦਮ
ਸਰਕਾਰ ਨਾਲ ਭਲਕੇ ਵਾਰਤਾ ਦੇ ਅਗਲੇ ਗੇੜ ਤੋਂ ਇਕ ਦਿਨ ਪਹਿਲਾਂ ਅੱਜ ਹਜ਼ਾਰਾਂ ਕਿਸਾਨਾਂ ਨੇ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰਾਂ ਤੇ ਹਰਿਆਣਾ ਦੇ ਰੇਵਾਸਨ ਤੋਂ ਦਿੱਲੀ ਦੇ ਚੁਫੇਰੇ ਟਰੈਕਟਰ ਪਰੇਡ ਮਾਰਚ ਕੱਢਿਆ ਅਤੇ ਖੇਤੀ ਕਾਨੂੰਨ ਵਾਪਸ ਲੈਣ ਲਈ ਦਬਾਅ ਬਣਾਇਆ। ਕਿਸਾਨ ਜਥੇਬੰਦੀਆਂ ਮੁਤਾਬਕ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਪੰਜਾਬ, ਹਰਿਆਣਾ, ਯੂਪੀ ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ’ਚ ਰਾਜਪਥ ’ਤੇ ਟਰੈਕਟਰਾਂ ਨਾਲ ਪਰੇਡ ਕਰਨਗੇ। ਉਨ੍ਹਾਂ ਕਿਹਾ ਕਿ ਇਹ ਤਾਂ ਝਲਕ ਮਾਤਰ ਹੈ ਅਤੇ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ।
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਕੁੰਡਲੀ-ਮਾਨੇਸਰ-ਪਲਵਲ ਮਾਰਗ ਉਪਰ ਅੱਜ ਹਜ਼ਾਰਾਂ ਟਰੈਕਟਰਾਂ ਨਾਲ ਮਾਰਚ ਕੱਢ ਕੇ ਦਮ-ਖ਼ਮ ਦਿਖਾਇਆ। ਨੌਜਵਾਨਾਂ ਨੇ ਟਰੈਕਟਰ ਮਾਰਚ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ।
ਟਰੈਕਟਰਾਂ ਦੀਆਂ ਆਵਾਜ਼ਾਂ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ ਨੂੰ ਦੇਖਣ ਲਈ ਰਾਹਗੀਰ ਮਾਰਗ ਦੇ ਕਿਨਾਰਿਆਂ ’ਤੇ ਖੜ੍ਹੇ ਹੋ ਗਏ। ਆਗੂਆਂ ਨੇ ਮਾਰਚ ਵਿੱਚ 8 ਹਜ਼ਾਰ ਤੋਂ ਵੱਧ ਟਰੈਕਟਰਾਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ। ਹਰੇਕ ਟਰੈਕਟਰ ’ਤੇ 3 ਤੋਂ 5 ਵਿਅਕਤੀ ਬੈਠੇ ਹੋਏ ਸਨ। ਟਰੈਕਟਰਾਂ ਉਪਰ ਕਿਸਾਨ ਯੂਨੀਅਨਾਂ ਦੇ ਝੰਡਿਆਂ ਸਮੇਤ ਕੌਮੀ ਤਿਰੰਗੇ ਝੰਡੇ ਅਤੇ ਕੇਸਰੀ ਝੰਡੇ ਵੀ ਦੇਖੇ ਗਏ। ਕਾਰਾਂ ਅਤੇ ਹੋਰ ਵਾਹਨਾਂ ਵਿੱਚ ਵੀ ਔਰਤਾਂ ਤੇ ਮਰਦ ਸਵਾਰ ਹੋ ਟਰੈਕਟਰ ਮਾਰਚ ਦਾ ਹਿੱਸਾ ਬਣੇ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ,‘‘ਰਿਹਰਸਲ ਪਰੇਡ ਨੇ ਵੱਡਾ ਪ੍ਰਭਾਵ ਪਾਇਆ ਹੈ ਤੇ 8 ਹਜ਼ਾਰ ਤੋਂ ਵੱਧ ਟਰੈਕਟਰ ਦੋਵੇਂ ਸੜਕਾਂ ’ਤੇ ਉੱਤਰੇ। ਜੇਕਰ ਕੇਂਦਰ ਸਰਕਾਰ ਨਾ ਜਾਗੀ ਤਾਂ 26 ਜਨਵਰੀ ਨੂੰ ਇਸ ਤੋਂ ਕਿਤੇ ਵੱਡੀ ਟਰੈਕਟਰ ਪਰੇਡ ਮਾਰਚ ਦਿੱਲੀ ਦੇ ਅੰਦਰ ਕੱਢਿਆ ਜਾਵੇਗਾ, ਅੱਜ ਤਾਂ ਮਾਤਰ ਝਲਕ ਸੀ।’’ ਉਨ੍ਹਾਂ ਕਿਹਾ ਕਿ ਅਡਾਨੀ, ਅੰਬਾਨੀ ਵਰਗੇ ਵੱਡੇ ਕਾਰਪੋਰੇਟ ਸਮੂਹਾਂ ਖ਼ਿਲਾਫ਼ ਨੌਜਵਾਨਾਂ ਵਿੱਚ ਰੋਹ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਕੇਂਦਰ ਨੇ ਖੇਤੀ ਕਾਨੂੰਨ ਗ਼ੈਰ-ਜਮਹੂਰੀ ਤਰੀਕੇ ਨਾਲ ਕਿਸਾਨਾਂ ’ਤੇ ਥੋਪੇ ਹਨ, ਉਨ੍ਹਾਂ ਖ਼ਿਲਾਫ਼ ਦੇਸ਼ ਦੇ ਕਿਸਾਨ ਜਾਗ ਪਏ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਟਰੈਕਟਰ ਮਾਰਚ ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਕਿਸਾਨਾਂ ਨੇ ਵੀ ਆਪਣੇ ਟਰੈਕਟਰਾਂ ਸਮੇਤ ਭਰਵੀਂ ਹਾਜ਼ਰੀ ਲਵਾਈ। ਉਨ੍ਹਾਂ ਕਿਹਾ ਕਿ ਸੀਤ ਹਵਾਵਾਂ ਦਾ ਟਾਕਰਾ ਕਰਦੇ ਹੋਏ ਨੌਜਵਾਨ ਆਪਣੀਆਂ ਮੰਜ਼ਲਾਂ ਤੱਕ ਪਹੁੰਚੇ। ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਦੇ ਚਾਰਾਂ ਧਰਨੇ ਵਾਲੀਆਂ ਥਾਵਾਂ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ਤੋਂ ਕੇਂਦਰ ਸਰਕਾਰ ਨੂੰ ਆਪਣੀਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਉੁਣ ਲਈ ਇਹ ਅਨੋਖਾ ਪ੍ਰਦਰਸ਼ਨ ਉਲੀਕਿਆ ਗਿਆ ਜਿਸ ਵਿੱਚ ਕਿਸਾਨਾਂ ਦਾ ਉਤਸ਼ਾਹ ਦੇਖਣ ਵਾਲਾ ਰਿਹਾ। ਸਿੰਘੂ ਤੋਂ ਟਿਕਰੀ ਵੱਲ ਚੱਲੇ ਟਰੈਕਟਰ ਕਾਫ਼ਲੇ ਦਾ ਹਿੱਸਾ ਕਿਸਾਨ ਆਗੂ ਜਗਮੋਹਨ ਸਿੰਘ, ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਵੀ ਬਣੇ।
ਇਕ ਹੋਰ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਨੇ ਕਿਹਾ ਕਿ ਦਿੱਲੀ ਦੁਆਲਿਉਂ ਲੰਘਦੇ ਪੈਰੀਫਰਲ ਰੋਡ ’ਤੇ ਕਿਸਾਨਾਂ ਵੱਲੋਂ ਸਿੰਘੂ ਬਾਰਡਰ ਤੋਂ 50 ਕਿਲੋਮੀਟਰ ਤੋਂ ਜ਼ਿਆਦਾ ਦੂਰ ਟਿਕਰੀ ਬਾਰਡਰ ਤੇ ਟਿਕਰੀ ਤੋਂ ਸਿੰਘੂ ਤੱਕ (ਕੁੰਡਲੀ-ਮਾਨੇਸਰ-ਪਲਵਲ ਮਾਰਗ) ਉਪਰ ਟਰੈਕਟਰ ਰੈਲੀ ਕੱਢੀ। ਉਧਰ ਗਾਜ਼ੀਪੁਰ ਬਾਰਡਰ ਤੋਂ 100 ਕਿਲੋਮੀਟਰ ਤੋਂ ਵੱਧ ਦੂਰ ਪਲਵਲ ਬਾਰਡਰ ਅਤੇ ਪਲਵਲ ਤੋਂ ਗਾਜ਼ੀਪੁਰ ਬਾਰਡਰ (ਕੁੰਡਲੀ-ਗਾਜ਼ੀਆਬਾਦ-ਪਲਵਲ ਮਾਰਗ) ਲਈ ਟਰੈਕਟਰਾਂ ਦਾ ਕਾਫ਼ਲਾ ਸਵੇਰੇ 11 ਵਜੇ ਤੁਰਿਆ। ਰੇਵਾਸਨ ਤੋਂ ਪਲਵਲ ਨੂੰ ਟਰੈਕਟਰ ਦੌੜਾਏ ਗਏ ਹਾਲਾਂਕਿ ਉਨ੍ਹਾਂ ਦੀ ਗਿਣਤੀ ਘੱਟ ਸੀ। ਚਾਰ ਧਰਨਾ ਸਥਾਨਾਂ ਤੋਂ ਚੱਲੇ ਟਰੈਕਟਰ ਬਾਅਦ ਵਿੱਚ ਵਾਪਸ ਆਪਣੇ ਟਿਕਾਣਿਆਂ ਨੂੰ ਪਰਤ ਗਏੇ। ਗਾਜ਼ੀਪੁਰ ਤੋਂ ਦਸਨਾ ਬਾਈਪਾਸ ਤੋਂ ਟਰੈਕਟਰ ਪਲਵਲ ਲਈ ਪੂਰਬੀ ਪੈਰੀਫਰਲ ਰੋਡ ਉਪਰ ਚੱਲੇ ਤੇ ਸਿੰਘੂ ਤੋਂ ਟਰੈਕਟਰਾਂ ਨੇ ਟਿਕਰੀ ਵੱਲ ਕੁੰਡਲੀ ਬਾਈਪਾਸ ਤੋਂ ਪੱਛਮੀ ਪੈਰੀਫਰਲ ਰੋਡ ਨੂੰ ਰੁਖ਼ ਕੀਤਾ।
ਸਿੰਘੂ ਹੱਦ ’ਤੇ ਟਰੈਕਟਰ ਮਾਰਚ ਕਰਦੇ ਹੋਏ ਕਿਸਾਨ।
ਟਿਕਰੀ ਤੋਂ ਸਿੰਘੂ ਬਾਰਡਰ ਲਈ ਚੱਲੇ ਕਾਫ਼ਲੇ ਦੀ ਅਗਵਾਈ ਜੋਗਿੰਦਰ ਸਿੰਘ ਉਗਰਾਹਾਂ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਹਰਿਆਣਵੀ ਕਿਸਾਨਾਂ ਦੇ ਟਰੈਕਟਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਕਰਕੇ ਕਾਫ਼ਲੇ ਕਈ ਕਿਲੋਮੀਟਰ ਲੰਬੇ ਹੋ ਗਏ।
ਬਲਦੇਵ ਸਿੰਘ ਸਿਰਸਾ ਮੁਤਾਬਕ ਜਦੋਂ ਹਜ਼ਾਰਾਂ ਟਰੈਕਟਰ ਆਪਣੀਆਂ ਮੰਜ਼ਿਲਾਂ ਵੱਲ ਵਧੇ ਤਾਂ ਦੋਵੇਂ ਸੜਕਾਂ ’ਤੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਕਾਲੇ ਕਾਨੂੰਨ ਵਾਪਸ ਲਓ’, ‘ਮੋਦੀ ਸਰਕਾਰ ਮੁਰਦਾਬਾਦ’ ਆਦਿ ਜਿਹੇ ਨਾਅਰੇ ਗੂੰਜ ਉੱਠੇ। ਜਗਰਾਉਂ ਤੋਂ ਆਏ ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਬੈਠਕ-ਦਰ-ਬੈਠਕ ਕਰਕੇ ਕਿਸਾਨਾਂ ਦਾ ਸਬਰ ਪਰਖ ਰਹੀ ਹੈ ਤੇ ਹੁਣ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ ਦਿੱਲੀ ਦੇ ਚੁਫੇਰਿਉਂ ਘੁੰਮਾ ਕੇ ਇਹ ਦਰਸਾ ਦਿੱਤਾ ਹੈ ਕਿ ਇਹ ਤਾਂ ਰਿਹਰਸਲ ਹੈ। ‘ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਜਨਵਰੀ ਦੀ ਟਰੈਕਟਰ ਪਰੇਡ ਮਾਰਚ ਬਹੁਤ ਤਾਕਤਵਰ ਹੋ ਸਕਦੀ ਹੈ।’
ਨੌਜਵਾਨਾਂ ਨੇ ਟਰੈਕਟਰਾਂ ਨਾਲ ਲਟਕ ਕੇ ਅਤੇ ਉਨ੍ਹਾਂ ਦੀਆਂ ਛੱਤਾਂ ਤੇ ਮਡਗਾਰਡਾਂ ’ਤੇ ਬੈਠ ਕੇ ਰੈਲੀ ਵਿੱਚ ਹਿੱਸਾ ਲਿਆ। ਉਹ ਆਪਣੀਆਂ ਬਾਹਾਂ ਉਲਾਰ ਕੇ ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਜ਼ਾਹਰ ਕਰ ਰਹੇ ਸਨ। ਉੱਚੀ ਆਵਾਜ਼ ਵਿੱਚ ਡੀਜੇ ਵੀ ਗੱਜੇ ਜਿਨ੍ਹਾਂ ’ਤੇ ਕਿਸਾਨਾਂ ਨਾਲ ਸਬੰਧਤ ਗਾਣੇ ਵਜਾਏ ਜਾ ਰਹੇ ਸਨ। ਖਰਖੋਡਾ ਤੋਂ ਟਰੈਕਟਰਾਂ ਦਾ ਕਾਫ਼ਲਾ ‘ਯੂ-ਟਰਨ’ ਲੈ ਕੇ ਆਪਣੇ ਟਿਕਾਣੇ ਵੱਲ ਮੁੜ ਗਿਆ। ਟਿਕਰੀ ਬਾਰਡਰ ’ਤੇ ਕਿਲੋਮੀਟਰ ਲੰਬਾ ਜਾਮ ਐਂਟਰੀ ਪੁਆਇੰੰਟ ’ਤੇ ਲੱਗ ਗਿਆ। ਕਿਸਾਨਾਂ ਨੂੰ ਟਰੈਕਟਰ ਵਾਪਸ ਮੋੜਨ ਲਈ ਵੀ ਕਾਫੀ ਸਮਾਂ ਲੱਗਾ। ਗਾਜ਼ੀਪੁਰ ਤੋਂ ਦਸਨਾ ਦੇ ਰਾਹ ਪਲਵਲ ਲਈ ਗਏ ਕਾਫ਼ਲੇ ਵਿੱਚ ਦੋ ਹਜ਼ਾਰ ਦੇ ਕਰੀਬ ਟਰੈਕਟਰ ਸ਼ਾਮਲ ਹੋਣ ਬਾਰੇ ਕਿਸਾਨ ਆਗੂ ਦੱਸ ਰਹੇ ਹਨ। ਇੱਥੋਂ ਹਾਪੁੜ, ਬਾਗਪਤ, ਗਾਜ਼ੀਆਬਾਦ ਤੇ ਬੁਲੰਦਸ਼ਹਿਰ ਦੇ ਇਲਾਕਿਆਂ ਦੇ ਟਰੈਕਟਰ ਕਾਫ਼ਲੇ ਦਾ ਹਿੱਸਾ ਬਣੇ।
ਬਾਡੜਾ ਤੋਂ ਸਾਬਕਾ ਵਿਧਾਇਕ ਨਰਪਿੰਦਰ ਮਾਂਡੀ ਨੇ ਭਾਜਪਾ ਛੱਡੀ
ਹਰਿਆਣਾ ਤੋਂ ਵਿਧਾਨ ਸਭਾ ਹਲਕਾ ਬਾਡੜਾ ਤੋਂ ਸਾਬਕਾ ਵਿਧਾਇਕ ਨਰਪਿੰਦਰ ਮਾਂਡੀ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਟਰੈਕਟਰ ਮਾਰਚ ਵਿੱਚ ਵੀ ਹਿੱਸਾ ਲਿਆ। ਦੱਸਣਯੋਗ ਹੈ ਕਿ ਪਹਿਲਾਂ ਵੀ ਕਈ ਭਾਜਪਾ ਆਗੂ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਭਾਜਪਾ ਨੂੰ ਛੱਡ ਚੁੱਕੇ ਹਨ ਜਦਕਿ ਕਈ ਜੇਜੇਪੀ ਵਿਧਾਇਕਾਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਮੰਨਣ ਬਾਰੇ ਕਿਹਾ ਹੈ।