ਕਿਸਾਨਾਂ ਵਲੋਂ ਪਿੱਜ਼ਾ ਖਾਣ ’ਤੇ ਬੋਲਣ ਵਾਲਿਆਂ ਨੂੰ ਦਿਲਜੀਤ ਦੋਸਾਂਝ ਨੇ ਦਿੱਤਾ ਵੱਡਾ ਜਵਾਬ
ਜਲੰਧਰ – ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ ’ਚ ਉਹ ਟਵਿਟਰ ’ਤੇ ਸਭ ਦਾ ਦਿਲ ਜਿੱਤ ਰਹੇ ਹਨ। ਅਸਲ ’ਚ ਦਿਲਜੀਤ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਤੇ ਇਸ ਸਬੰਧੀ ਉਨ੍ਹਾਂ ਦੀ ਬਹਿਸਬਾਜ਼ੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਵੀ ਹੋਈ ਸੀ। ਇਸ ਸਭ ਦੇ ਚਲਦਿਆਂ ਜਿਥੇ ਸਭ ਤੋਂ ਉੱਪਰ ਦਿਲਜੀਤ ਦੋਸਾਂਝ ਨੇ ਕਿਸਾਨਾਂ ਨੂੰ ਰੱਖਿਆ, ਉਥੇ ਉਨ੍ਹਾਂ ਦੇ ਮੁੱਦਿਆਂ ਨੂੰ ਵੀ ਵੱਡੇ ਪੱਧਰ ’ਤੇ ਚੁੱਕਿਆ।
ਹਾਲ ਹੀ ’ਚ ਅਜਿਹੀ ਇਕ ਹੋਰ ਮਿਸਾਲ ਸਾਨੂੰ ਉਦੋਂ ਦੇਖਣ ਨੂੰ ਮਿਲੀ, ਜਦੋਂ ਕੁਝ ਮੀਡੀਆ ਚੈਨਲਜ਼ ਵਲੋਂ ਇਹ ਕਿਹਾ ਗਿਆ ਕਿ ਕਿਸਾਨ ਧਰਨਿਆਂ ’ਚ ਫੰਡਿੰਗ ਹੋ ਰਹੀ ਹੈ ਤੇ ਉਹ ਪਿੱਜ਼ਾ ਖਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਕਿਸਾਨ ਧਰਨਿਆਂ ’ਚ ਪਿੱਜ਼ਾ ਦਾ ਲੰਗਰ ਲੱਗਾ ਸੀ।
ਜਦੋਂ ਇਸ ਗੱਲ ਨੂੰ ਕੁਝ ਮੀਡੀਆ ਚੈਨਲਜ਼ ਵਲੋਂ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤਾਂ ਦਿਲਜੀਤ ਨੇ ਟਵਿਟਰ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਕਿਸਾਨਾਂ ਵਲੋਂ ਜ਼ਹਿਰ ਖਾਣਾ ਤੁਹਾਡੇ ਲਈ ਕੋਈ ਮੁੱਦਾ ਨਹੀਂ ਹੁੰਦਾ ਪਰ ਕਿਸਾਨ ਪਿੱਜ਼ਾ ਖਾ ਲਵੇ ਤਾਂ ਤੁਹਾਡੇ ਲਈ ਖ਼ਬਰ ਬਣ ਜਾਂਦੀ ਹੈ।’
ਦੱਸਣਯੋਗ ਹੈ ਕਿ ਇਸ ਤਸਵੀਰ ਦੀ ਕੈਪਸ਼ਨ ’ਚ ਵੀ ਦਿਲਜੀਤ ਨੇ ਕੁਝ ਸ਼ਬਦ ਲਿਖੇ ਹਨ। ਦਿਲਜੀਤ ਲਿਖਦੇ ਹਨ, ‘ਸ਼ਾ ਬਾ ਸ਼ੇ, ਬੜਾ ਢਿੱਡ ਦੁਖਿਆ ਤੁਹਾਡਾ ਹੈਂ?’
ਜੋ ਟਵੀਟ ਪਿੱਜ਼ਾ ਨੂੰ ਲੈ ਕੇ ਵਾਇਰਲ ਹੋ ਰਿਹਾ ਹੈ, ਉਹ ਅਸਲ ’ਚ ਸ਼ੇਫਾਲੀ ਵੈਦਿਆ ਨਾਂ ਦੀ ਮਹਿਲਾ ਵਲੋਂ ਕੀਤਾ ਗਿਆ ਹੈ। ਆਪਣੇ ਟਵੀਟ ’ਚ ਉਕਤ ਮਹਿਲਾ ਨੇ ਲਿਖਿਆ ਸੀ, ‘ਅੰਦੋਲਨ ਕਰ ਰਹੇ ਕਿਸਾਨਾਂ ਲਈ ਮੁਫਤ ਪਿੱਜ਼ਾ, ਮਸਾਜ ਵਾਲੀਆਂ ਕੁਰਸੀਆਂ, ਇਹ ਕੋਈ ਧਰਨਾ ਹੈ ਜਾਂ ਫਿਰ 5 ਸਿਤਾਰਾ ਸਪਾ? ਇਸ ਸਭ ਦੇ ਲਈ ਪੈਸੇ ਕੌਣ ਦੇ ਰਿਹਾ ਹੈ?’
ਇਸ ਟਵੀਟ ਦੀ ਜਿਥੇ ਪੰਜਾਬੀਆਂ ਵਲੋਂ ਰੱਜ ਕੇ ਨਿੰਦਿਆ ਕੀਤੀ ਜਾ ਰਹੀ ਹੈ, ਉਥੇ ਟਵਿਟਰ ’ਤੇ ਵੱਖ-ਵੱਖ ਸਿਤਾਰਿਆਂ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਦਿਲਜੀਤ ਦੇ ਨਾਲ-ਨਾਲ ਅੰਬਰ ਧਾਲੀਵਾਲ ਨੇ ਵੀ ਇਸ ’ਤੇ ਟਿੱਪਣੀ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ।