ਕਿਸਾਨਾਂ ਵਲੋਂ ਮੰਡੀਆਂ ਚ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨਾ ਸ਼ਲਾਘਾਯੋਗ ਕਦਮ : ਅਮਰਿੰਦਰ

ਕਿਸਾਨਾਂ ਵਲੋਂ ਮੰਡੀਆਂ ਚ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨਾ ਸ਼ਲਾਘਾਯੋਗ ਕਦਮ : ਅਮਰਿੰਦਰ

ਜਲੰਧਰ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਪਹਿਲਾਂ ਦੋ ਦਿਨਾਂ 'ਚ ਕਿਸਾਨਾਂ ਨੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਆ ਮਾਪਦੰਡਾਂ ਨੂੰ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ, ਜਿਥੇ ਕਿਸਾਨਾਂ ਨੇ ਸਮਾਜਿਕ ਦੂਰੀ ਬਣਾ ਕੇ ਰੱਖੀ ਹੋਈ ਹੈ, ਉਥੇ ਦੂਸਰੇ ਪਾਸੇ ਕਿਸਾਨਾਂ ਨੇ ਹੈਂਡ ਸੈਨੇਟਾਈਜ਼ਰ ਦੀ ਵੀ ਵਰਤੋਂ ਕੀਤੀ, ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਕਾਰਣ ਇਸ ਸਮੇਂ ਅਸੀਂ ਸੰਕਟ ਦੇ ਦੌਰ 'ਚੋਂ ਲੰਘ ਰਹੇ ਹਾਂ ਅਤੇ ਸਾਰੇ ਲੋਕਾਂ ਨੂੰ ਮੁਸ਼ਕਲਾਂ 'ਚੋਂ ਕੱਢਣਾ ਪੈ ਰਿਹਾ ਹੈ। ਕਰਫਿਊ/ਲਾਕਡਾਊਨ ਕਾਰਣ ਸਾਰੇ ਲੋਕਾਂ ਨੂੰ ਕੋਈ ਨਾ ਕੋਈ ਮੁਸ਼ਕਲ ਜ਼ਰੂਰ ਪੇਸ਼ ਆ ਰਹੀ ਹੈ। ਉਹ ਖੁਦ ਵੀ ਕਰਫਿਊ/ਲਾਕਡਾਊਨ ਦਾ ਪੂਰੀ ਤਰ੍ਹਾਂ ਨਾਲ ਪਾਲਣਾ ਕਰ ਰਹੇ ਹਨ ਪਰ ਅਹਿਮ ਗੱਲ ਇਹ ਹੈ ਕਿ ਇਸ ਦੀ ਪਾਲਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਅਸੀਂ ਸਭ ਕੋਰੋਨਾ ਵਾਇਰਸ ਦੀ ਚੁਣੌਤੀ ਤੋਂ ਜਲਦੀ ਹੀ ਬਾਹਰ ਨਿਕਲਾਂਗੇ ਪਰ ਇਸ ਦੇ ਲਈ ਲੋਕਾਂ ਨੇ ਆਪਣਾ ਹੋਰ ਸਮਰਥਨ ਦੇਣਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ ਮੰਡੀਆਂ 'ਚ ਕਣਕ ਲੈ ਕੇ ਆਉਣ ਵਾਲੇ ਕਿਸਾਨਾਂ ਦੇ ਜਿਥੇ ਬੁਖਾਰ ਅਤੇ ਹੋਰ ਟੈਸਟ ਕੀਤੇ ਜਾ ਰਹੇ ਹਨ, ਉਥੇ ਥਾਂ-ਥਾਂ 'ਤੇ ਹੱਥ ਧੋਣ ਲਈ ਸਾਬਣ ਅਤੇ ਸੈਨੇਟਾਈਜ਼ਰ ਵੀ ਰੱਖੇ ਗਏ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦੇਗੀ, ਨਾਲ ਹੀ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਫਸਲ ਦੀ ਪੇਮੈਂਟ ਦਾ ਭੁਗਤਾਨ ਵੀ ਕਰ ਦਿੱਤਾ ਜਾਏਗਾ। ਮੁੱਖ ਮੰਤਰੀ ਨੇ ਆਪਣੇ ਟਵਿਟਰ 'ਤੇ ਮੰਡੀ 'ਚ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਦੀਆਂ ਫੋਟੋਆਂ ਵੀ ਪੇਸ਼ ਕੀਤੀਆਂ ਅਤੇ ਕਿਹਾ ਕਿ ਸਰਕਾਰ ਵਲੋਂ ਸਮੇਂ 'ਤੇ ਫਸਲ ਦੀ ਖਰੀਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਭੁਗਤਾਨ ਕਰ ਦਿੱਤਾ ਜਾਏਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਸਲ ਨੂੰ ਵੇਚਣ ਤੋਂ ਬਾਅਦ ਕਿਸਾਨ ਵੀ ਰਾਹਤ ਮਹਿਸੂਸ ਕਰਨਗੇ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੇ ਫਸਲ ਦੀ ਚੰਗੀ ਤਰ੍ਹਾਂ ਦੇਖ-ਰੇਖ ਕੀਤੀ ਸੀ ਅਤੇ ਇਸ ਵਾਰ ਬੰਪਰ ਫਸਲ ਹੋਣ ਜਾ ਰਹੀ ਹੈ।

Radio Mirchi