ਕਿਸਾਨਾਂ ਵੱਲੋਂ ਦਿੱਲੀ-ਚੰਡੀਗੜ੍ਹ ਮਾਰਗ ਸੱਤ ਘੰਟੇ ਲਈ ਜਾਮ

ਕਿਸਾਨਾਂ ਵੱਲੋਂ ਦਿੱਲੀ-ਚੰਡੀਗੜ੍ਹ ਮਾਰਗ ਸੱਤ ਘੰਟੇ ਲਈ ਜਾਮ

ਰਾਜਪੁਰਾ ਵਿੱਚ ਭਾਜਪਾ ਆਗੂਆਂ ਨੂੰ ਬੰਦੀ ਬਣਾਉਣ, ਪੁਲੀਸ ਦੀ ਗੱਡੀ ਅਤੇ ਕਾਂਸਟੇਬਲ ਦੀ ਨੱਕ ਦੀ ਹੱਡੀ ਤੋੜਨ ਸਬੰਧੀ ਦਰਜ ਕੇਸ ’ਚ ਕਿਸਾਨਾਂ ਦੀ ਫੜੋ-ਫੜੀ ਦੇ ਵਿਰੋਧ ਵਿਚ ਸੈਂਕੜੇ ਕਿਸਾਨਾਂ ਨੇ ਅੱਜ ਰਾਜਪੁਰਾ ਦੇ ਗਗਨ ਚੌਕ ਵਿਚ ਧਰਨਾ ਮਾਰ ਕੇ ਦਿੱਲੀ ਤੇ ਚੰਡੀਗੜ੍ਹ ਨੂੰ ਜਾਂਦੇ ਹਾਈਵੇਅ ਲਗਾਤਾਰ ਸੱਤ ਘੰਟੇ ਜਾਮ ਰੱਖੇ। ਇਸ ਕਾਰਨ ਪੁਲੀਸ ਨੂੰ ਆਵਾਜਾਈ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਇਸ ਦੇ ਬਾਵਜੂਦ ਦੋਵਾਂ ਮਾਰਗਾਂ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸਨ। ਦਿਨ ਢਲਣ ਦੇ ਬਾਵਜੂਦ ਜਦੋਂ ਕਿਸਾਨਾਂ ਦੀ ਰਿਹਾਈ ਦੇ ਆਸਾਰ ਨਾ ਬਣਦੇ ਦਿਖੇ ਤਾਂ ਕਿਸਾਨਾਂ ਨੇ ਪਿੰਡਾਂ ਵਿਚਲੇ ਰਾਹ ਰੋਕਣ ਦਾ ਵੀ ਐਲਾਨ ਕਰ ਦਿੱਤਾ। ਇਸ ਮਗਰੋਂ ਹਰਕਤ ’ਚ ਆਉਂਦਿਆਂ ਪੁਲੀਸ ਨੇ ਹਿਰਾਸਤ ’ਚ ਲਏ ਦਰਜਨ ਭਰ ਕਿਸਾਨਾਂ ਅਤੇ ਹੋਰਾਂ ਨੂੰ ਰਿਹਾਅ ਕਰ ਦਿੱਤਾ। ਇਸ ਮਗਰੋਂ ਹੀ ਕਿਸਾਨਾਂ ਨੇ ਧਰਨਾ ਚੁੱਕਿਆ। ਕਤਾਰਾਂ ਲੰਬੀਆਂ ਹੋਣ ਕਰ ਕੇ ਆਵਾਜਾਈ ਦੀ ਮੁਕੰਮਲ ਬਹਾਲੀ ’ਚ ਦੋ ਘੰਟੇ ਤੋਂ ਵੀ ਵੱਧ ਸਮਾਂ ਲੱਗਿਆ।
ਜ਼ਿਕਰਯੋਗ ਹੈ ਕਿ ਰਾਜਪੁਰਾ ਵਿਚਲੀ ਇੱਕ ਕੋਠੀ ’ਚ ਕਿਸਾਨਾਂ ਵੱਲੋਂ ਐਤਵਾਰ ਸ਼ਾਮੀ ਬੰਦੀ ਬਣਾਏ ਭਾਜਪਾ ਦੇ ਦਰਜਨ ਭਰ ਆਗੂਆਂ ਨੂੰ ਪੁਲੀਸ ਨੇ ਸੋਮਵਾਰ ਤੜਕੇ ਚਾਰ ਵਜੇ ਕੋਠੀ ’ਚੋਂ ਕੱਢਿਆ ਸੀ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਦਰਮਿਆਨ ਖਿੱਚੋਤਾਣ ਵੀ ਹੋਈ। ਇਸ ਦੌਰਾਨ ਹੋਏ ਹਲਕੇ ਪਥਰਾਅ ਕਾਰਨ ਇੱਕ ਇੰਸਪੈਕਟਰ ਦੀ ਗੱਡੀ ਭੰਨੀ ਗਈ ਤੇ ਰੋੜਾ ਵੱਜਣ ਕਾਰਨ ਇੱਕ ਸਿਪਾਹੀ ਵੀ ਜਖ਼ਮੀ ਹੋ ਗਿਆ ਸੀ। ਉਂਜ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਥਰਾਅ ਕਿਸਾਨਾਂ ਨੇ ਨਹੀਂ, ਬਲਕਿ ਕਿਸਾਨਾਂ ’ਚ ਬਾਹਰੋਂ ਰਲ਼ੇ ਅਣਪਛਾਤੇ ਨੌਜਵਾਨਾਂ ਨੇ ਕੀਤਾ ਸੀ।

Radio Mirchi