ਕੁੜੱਤਣ ਤੇ ਨਫ਼ਰਤ ਦੀ ਸਿਖ਼ਰ ਛੂਹ ਕੇ ਚੋਣ ਪ੍ਰਚਾਰ ਬੰਦ

ਕੁੜੱਤਣ ਤੇ ਨਫ਼ਰਤ ਦੀ ਸਿਖ਼ਰ ਛੂਹ ਕੇ ਚੋਣ ਪ੍ਰਚਾਰ ਬੰਦ

ਦਿੱਲੀ ਵਿੱਚ ਵਿਧਾਨ ਚੋਣਾਂ ਲਈ ਚੋਣ ਪ੍ਰਚਾਰ ਮੁਹਿੰਮ ਵੀਰਵਾਰ ਨੂੰ ਸ਼ਾਮ 6 ਵਜੇ ਖਤਮ ਹੋ ਗਈ ਹੈ। ਚੋਣ ਪ੍ਰਚਾਰ ਦੌਰਾਨ ਜਿੱਥੇ ਭਾਜਪਾ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਸ਼ਾਹੀਨ ਬਾਗ ਵਿੱਚ ਲੱਗੇ ਮੋਰਚੇ ਨੂੰ ਮੁੱਦਾ ਬਣਾ ਕੇ ਦਾਅ ਖੇਡਿਆ ਹੈ ਉੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪਿਛਲੇ ਪੰਜ ਸਾਲ ਦੇ ਸਮੇਂ ਵਿੱਚ ਕੀਤੇ ਵਿਕਾਸ ਨੂੰ ਪ੍ਰਚਾਰ ਦਾ ਮੁੱਖ ਧੁਰਾ ਬਣਾਇਆ ਹੈ। ਇਸ ਦੌਰਾਨ ਕਾਂਗਰਸ ਸਾਰੀ ਚੋਣ ਮੁਹਿੰਮ ਦੌਰਾਨ ਪਛੜੀ ਹੋਈ ਨਜ਼ਰ ਆਈ ਹੈ। ਤਿੰਨਾਂ ਹੀ ਪਾਰਟੀਆਂ ਨੇ ਚੋਣ ਮੁਹਿੰਮ ਦੌਰਾਨ ਅਨੇਕਾਂ ਮੁੱਦੇ ਉਭਾਰੇ। ਇਨ੍ਹਾਂ ਵਿੱਚ ਮੁੱਖ ਤੌਰ ਉੱਤੇ ਨਾਗਰਿਕਤਾ ਸੋਧ ਕਾਨੂੰਨ, ਬੇਰੁਜ਼ਗਾਰੀ ਅਤੇ ਲੋਕਾਂ ਨੂੰ ਖੁਸ਼ ਕਰਨ ਵਾਲੀ ਰਣਨੀਤੀ ਸ਼ਾਮਲ ਹੈ। ਚੋਣ ਪ੍ਰਚਾਰ ਦੌਰਾਨ ਫਿਰਕੂ, ਵੰਡਪਾਊ ਅਤੇ ਕੁੜੱਤਣ ਭਰਿਆ ਮਾਹੌਲ ਬਣਿਆ ਰਿਹਾ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਤਿੰਨ ਰੋਡ ਸ਼ੋਅ ਕੀਤੇ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਵਿਧਾਨ ਸਭਾ ਹਲਕੇ ਪਤਪੜਗੰਜ ਵਿੱਚ ਪੈਦਲ ਯਾਤਰਾ ਕੀਤੀ। ਭਾਜਪਾ ਜਿਸ ਨੇ ਚੋਣ ਪ੍ਰਚਾਰ ਦੇ ਸ਼ੁਰੂ ਵਿੱਚ ਕੇਂਦਰ ਸਰਕਾਰ ਵੱਲੋਂ ਕੌਮੀ ਰਾਜਧਾਨੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਮੁੱਖ ਮੁੱਦਾ ਬਣਾਇਆ ਪਰ ਬਾਅਦ ਵਿੱਚ ਅਚਾਨਕ ਪਾਰਟੀ ਨੇ ਸ਼ਾਹੀਨ ਬਾਗ ਨੂੰ ਚੋਣ ਪ੍ਰਚਾਰ ਦਾ ਕੇਂਦਰੀ ਮੁੱਦਾ ਬਣਾ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੋ ਰੈਲੀਆਂ ਨੂੰ ਸੰਬੋਧਨ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਭਾਜਪਾ ਪ੍ਰਧਾਨ ਜੇਪੀ ਨੱਢਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਜ਼ੋਰ ਲਾਇਆ ਹੈ। ਚੋਣ ਮੁਹਿੰਮ ਵਿੱਚ ਉਦੋਂ ਜ਼ਹਿਰ ਫੈਲ ਗਿਆ ਜਦੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ‘ਗੋਲੀ ਮਾਰੋ’ ਦਾ ਨਾਅਰਾ ਦੇ ਦਿੱਤਾ।
ਦੂਜੇ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪ ਦੀ ਚੋਣ ਮੁਹਿੰਮ ਨੂੰ ਬੇਹੱਦ ਯੋਜਨਾਬੱਧ ਤਰੀਕੇ ਨਾਲ ਚਲਾਇਆ। ਉਨ੍ਹਾਂ ਨੇ ਰੈਲੀਆਂ ਕਰਨ ਦੀ ਥਾਂ ਰੋਡ ਸ਼ੋਅ ਅਤੇ ਜਨਤਕ ਮੀਟਿੰਗਾਂ ਕਰਨ ਨੂੰ ਤਰਜੀਹ ਦਿੱਤੀ। ਕੇਜਰੀਵਾਲ ਨੂੰ ਅਤਿਵਾਦੀ ਕਹਿਣ ਦੇ ਰੋਸ ਵਜੋਂ ਆਪ ਨੇ ਤਿੰਨ ਦਿਨ ਵਿੱਚ ਦਿੱਲੀ ਦੇ ਸਾਰੇ ਸੱਤਰ ਵਿਧਾਨ ਸਭਾ ਹਲਕਿਆਂ ਵਿੱਚ ਖਾਮੋਸ਼ ਮਾਰਚ ਕੀਤਾ। ਇਸ ਦੌਰਾਨ ਕੇਜਰੀਵਾਲ ਨੂੰ ਮੁਹੱਲਾ ਕਲੀਨਿਕਾਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ਦੀ ਚਿਤਾਵਨੀ ਦਾ ਵੀ ਸਾਹਮਣਾ ਕਰਨਾ ਪਿਆ। ਆਪ ਦੇ ਪੰਜਾਬ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਵੀ ਚੋਣ ਅਖਾੜੇ ਨੂੰ ਭਖਾਈ ਰੱਖਿਆ। ਪਾਰਟੀ ਵਰਕਰਾਂ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਲਈ ਵੋਟਾਂ ਮੰਗਣ ਲਈ ‘ਡੋਰ ਟੂ ਡੋਰ’ ਮੁਹਿੰਮ ਵੀ ਚਲਾਈ। ਪਾਰਟੀ ਦੇ ਭਾਜਪਾ ਦੇ ਪਰਵੇਸ਼ ਵਰਮਾ ਵੱਲੋਂ ਕੇਜਰੀਵਾਲ ਨੂੰ ਅਤਿਵਾਦੀ ਕਹਿਣ ’ਤੇ ਲੋਕਾਂ ਤੋਂ ਮੰਗ ਕੀਤੀ ਕਿ ਜੇ ਉਹ ਕੇਜਰੀਵਾਲ ਨੂੰ ਦਿੱਲੀ ਦਾ ਪੁੱਤਰ ਮੰਨਦੇ ਹਨ ਤਾਂ ਵੋਟ ਕੇਜਰੀਵਾਲ ਨੂੰ ਦੇਣ ਅਤੇ ਜੇ ਉਹ ਉਸ ਨੂੰ ਅਤਿਵਾਦੀ ਮੰਨਦੇ ਹਨ ਤਾਂ ਵੋਟ ਭਾਜਪਾ ਨੂੰ ਪਾ ਦੇਣ।

Radio Mirchi