ਕੇਂਦਰ ਨੇ ਔਖੇ ਵੇਲੇ ਪੰਜਾਬ ਦੀ ਬਾਂਹ ਨਹੀਂ ਫੜੀ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੌਰਾਨ ਔਖ ਦੀ ਘੜੀ ਵਿਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਬਾਂਹ ਨਾ ਫੜਨ ਦਾ ਮਸਲਾ ਅੱਜ ਕਾਂਗਰਸ ਹਾਈਕਮਾਂਡ ਕੋਲ ਰੱਖਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਬੇਰੁਖੀ ਕਰਕੇ ਪੰਜਾਬ ਨੂੰ ਵਿੱਤੀ ਸੰਕਟ ਝੱਲਣਾ ਪੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀਡੀਓ-ਕਾਨਫਰੰਸ ਜ਼ਰੀਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ ਤੇ ਸੀਨੀਅਰ ਆਗੂਆਂ ਕੋਲ ਪੰਜਾਬ ਦੀ ਸਥਿਤੀ ਰੱਖੀ।
ਮੁੱਖ ਮੰਤਰੀ ਨੇ ਕਾਂਗਰਸੀ ਆਗੂਆਂ ਨੂੰ ਦੱਸਿਆ ਕਿ ਕਿਵੇਂ ਪੰਜਾਬ ਵਿੱਤੀ ਤੌਰ ’ਤੇ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਹੈ। ਇਕੱਲੇ ਅਪਰੈਲ ਮਹੀਨੇ ’ਚ ਪਏ 88 ਫ਼ੀਸਦੀ ਵਿੱਤੀ ਘਾਟੇ ਦਾ ਜ਼ਿਕਰ ਕਰਦੇ ਉਨ੍ਹਾਂ ਆਖਿਆ ਕਿ ਅਪਰੈਲ ਵਿਚ 3,360 ਕਰੋੜ ਦੀ ਅਨੁਮਾਨੀ ਆਮਦਨ ਦੇ ਮੁਕਾਬਲੇ ਖ਼ਜ਼ਾਨੇ ਨੂੰ ਕੇਵਲ 396 ਕਰੋੜ ਰੁਪਏ ਪ੍ਰਾਪਤ ਹੋਏ ਹਨ। ਪਾਵਰਕੌਮ ਨੂੰ ਬਿਜਲੀ ਖ਼ਪਤ 30 ਫੀਸਦੀ ਘਟਣ ਕਰਕੇ ਰੋਜ਼ਾਨਾ 30 ਕਰੋੜ ਦੇ ਮਾਲੀਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਪੰਜਾਬ ਦੇ ਜੀਐੱਸਟੀ ਦੇ 4365.37 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਗਈ ਹੈ। ਹਾਲਾਤ ਇਹ ਹਨ ਕਿ ਪੰਜਾਬ ’ਚ ਇਸ ਵੇਲੇ ਕੁੱਲ ਉਦਯੋਗਿਕ ਇਕਾਈਆਂ ਦਾ ਲਗਭਗ 1.5 ਹਿੱਸਾ ਹੀ ਕਾਰਜਸ਼ੀਲ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਸਮੁੱਚੀ ਆਰਥਿਕਤਾ ਲੀਹ ’ਤੇ ਲਿਆਉਣ ਲਈ ਸ੍ਰੀ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੇ ਮਾਹਿਰ ਸਮੂਹ ਦੀ ਰਿਪੋਰਟ ਤਿੰਨ ਮਹੀਨਿਆਂ ਵਿਚ ਮਿਲਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਦੱਸਿਆ ਕਿ 100 ਲੱਖ ਮੀਟਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਇਸ ’ਤੇ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਕੈਪਟਨ ਨੇ ਆਖਿਆ ਕਿ ਪਰਵਾਸੀ ਕਾਮਿਆਂ ਦੀ ਘਰ ਵਾਪਸੀ ਲਈ ਰਾਜ ਸਰਕਾਰ ਨੇ 35 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਘਰ ਜਾਣ ਦੇ ਇੱਛੁਕ 10 ਲੱਖ ਕਾਮੇ ਹਨ, ਜਿਨ੍ਹਾਂ ਨੂੰ ਵਾਪਸ ਭੇਜਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰੁਜ਼ਗਾਰ ਗੁਆਉਣ ਵਾਲੇ ਸਾਰੇ ਦਿਹਾੜੀਦਾਰ ਕਾਮਿਆਂ ਦੇ ਹਿੱਤਾਂ ਦੀ ਪੈਰਵੀ ਵੀ ਕਰ ਰਹੀ ਹੈ। ਉਨ੍ਹਾਂ ਨੇ ਲਘੂ ਉਦਯੋਗਾਂ ਅਤੇ ਬਿਜਲੀ ਸੈਕਟਰ ਲਈ ਵੀ ਰਾਹਤ ਦੀ ਮੰਗ ਕੀਤੀ ਹੈ।
ਅਮਰਿੰਦਰ ਸਿੰਘ ਨੇ ਪੰਜਾਬ ’ਚ ਕੋਵਿਡ-19 ਦੌਰਾਨ ਕੀਤੇ ਇੰਤਜ਼ਾਮਾਂ ਅਤੇ ਪੰਜਾਬ ਦੀ ਸਥਿਤੀ ਬਾਰੇ ਵੀ ਦੱਸਿਆ। ਇਹ ਵੀ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਕਰੋਨਾ ਦੇ ਖ਼ਤਰੇ ਦੇ ਹਿਸਾਬ ਨਾਲ ਜ਼ੋਨਾਂ ਦੇ ਵਰਗੀਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਪਰਤੇ ਵਿਅਕਤੀਆਂ ਮਗਰੋਂ ਕੇਸਾਂ ਵਿਚ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਾਂਦੇੜ ਤੋਂ ਵਾਪਸ ਆਏ 4,200 ਤੋਂ ਵੱਧ ਵਿਅਕਤੀਆਂ ’ਚੋਂ 969 ਕੇਸ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਇਨ੍ਹਾਂ ’ਚੋਂ ਸਿਰਫ਼ 23 ਜਣਿਆਂ ਵਿਚ ਹੀ ਲੱਛਣ ਪਾਏ ਗਏ ਸਨ। ਅਗਲੇ ਚਾਰ ਦਿਨਾਂ ਵਿਚ ਸਥਿਤੀ ਵਿਚ ਸੁਧਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 2,500 ਰੈਗੂਲਰ ਟੈਸਟ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 30,199 ਟੈਸਟ ਕੀਤੇ ਜਾ ਚੁੱਕੇ ਹਨ।