ਕੇਂਦਰੀ ਟੈਕਸਾਂ ’ਚ ਰਾਜਾਂ ਦਾ ਹਿੱਸਾ ਅਗਾਊਂ ਰਿਲੀਜ਼
ਕੋਵਿਡ-19 ਕਾਰਨ ਬਣ ਰਹੀ ਸਥਿਤੀ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਟੈਕਸਾਂ ਵਿਚਲਾ ਰਾਜਾਂ ਦਾ ਹਿੱਸਾ ਅਗਾਊਂ ਰਿਲੀਜ਼ ਕਰ ਦਿੱਤਾ ਹੈ। ਕੇਂਦਰੀ ਟੈਕਸਾਂ ਦੀ ਅਪਰੈਲ ਦੀ ਇਹ ਕਿਸ਼ਤ 46,000 ਕਰੋੜ ਰੁਪਏ ਬਣਦੀ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ ਕੇਂਦਰੀ ਟੈਕਸਾਂ ਵਿਚ ਪੰਜਾਬ ਦਾ ਹਿੱਸਾ 822 ਕਰੋੜ ਰੁਪਏ ਬਣਦਾ ਹੈ, ਪਰ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਸੂਬੇ ਨੂੰ ਕਿੰਨੀ ਰਾਸ਼ੀ ਜਾਰੀ ਕੀਤੀ ਗਈ ਹੈ।
ਟੈਕਸਾਂ ਵਿਚ ਹਿੱਸਾ 15ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਹੈ। ਇਸ ਰਾਸ਼ੀ ਦਾ ਸਭ ਤੋਂ ਵੱਡਾ ਹਿੱਸਾ ਉੱਤਰ ਪ੍ਰਦੇਸ਼ ਨੂੰ ਜਾਵੇਗਾ ਜੋ ਕਿ ਕਰੀਬ 8,255 ਕਰੋੜ ਰੁਪਏ ਬਣਦਾ ਹੈ। ਬਿਹਾਰ ਨੂੰ 4,631 ਤੇ ਪੱਛਮੀ ਬੰਗਾਲ ਨੂੰ 3461 ਕਰੋੜ ਰੁਪਏ ਮਿਲਣਗੇ। ਮੱਧ ਪ੍ਰਦੇਸ਼ ਨੂੰ 3630, ਮਹਾਰਾਸ਼ਟਰ ਨੂੰ 2824 ਕਰੋੜ ਰੁਪਏ ਮਿਲਣਗੇ।
ਗੋਆ ਤੇ ਸਿੱਕਿਮ ਨੂੰ 177 ਅਤੇ 178 ਕਰੋੜ ਰੁਪਏ ਮਿਲਣਗੇ। 15ਵੇਂ ਵਿੱਤ ਕਮਿਸ਼ਨ ਨੇ ਵਿੱਤੀ ਵਰ੍ਹੇ 2020-21 ਦੀ ਰਿਪੋਰਟ ਵਿਚ ਕੇਂਦਰੀ ਟੈਕਸਾਂ ਵਿਚ ਰਾਜਾਂ ਦਾ ਹਿੱਸਾ ਇਕ ਫ਼ੀਸਦ ਘਟਾ ਕੇ 41 ਫ਼ੀਸਦ ਕਰ ਦਿੱਤਾ ਸੀ ਕਿਉਂਕਿ ਜੰਮੂ ਕਸ਼ਮੀਰ ਨੂੰ ਸੂਬੇ ਤੋਂ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਰਿਪੋਰਟ ਫਰਵਰੀ ਵਿਚ ਸੰਸਦ ਵਿਚ ਪੇਸ਼ ਕੀਤੀ ਗਈ ਸੀ। ਇਸ ਮੁਤਾਬਕ ਫੰਡ ਦੇਣ ਵੇਲੇ ਆਬਾਦੀ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਆਬਾਦੀ ਦੇ ਹਿਸਾਬ ਨਾਲ ਹਿੱਸੇ ਨੂੰ 17.5 ਤੋਂ ਘਟਾ ਕੇ 15 ਫ਼ੀਸਦ ਕਰ ਦਿੱਤਾ ਗਿਆ ਸੀ।