ਕੇਂਦਰੀ ‘ਪੈਸੇ ਬਚਾਉਣ’ ਲਈ ਬਣਾਇਆ ਫੜਨਵੀਸ ਨੂੰ ਮੁੱਖ ਮੰਤਰੀ

ਕੇਂਦਰੀ ‘ਪੈਸੇ ਬਚਾਉਣ’ ਲਈ ਬਣਾਇਆ ਫੜਨਵੀਸ ਨੂੰ ਮੁੱਖ ਮੰਤਰੀ

ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਸੰਸਦ ਮੈਂਬਰ ਅਨੰਤਕੁਮਾਰ ਹੈਗੜੇ ਨੇ ਦਾਅਵਾ ਕੀਤਾ ਹੈ ਕਿ ਦੇਵੇਂਦਰ ਫੜਨਵੀਸ ਨੂੰ ਲੰਘੇ ਮਹੀਨੇ ਬਿਨਾਂ ਬਹੁਮੱਤ ਮਹਾਰਾਸ਼ਟਰ ਦਾ ਮੁੱਖ ਮੰਤਰੀ ਇਸ ਲਈ ਬਣਾਇਆ ਗਿਆ ਸੀ ਤਾਂ ਕਿ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ ਆਉਂਦੇ 40 ਹਜ਼ਾਰ ਕਰੋੜ ਦੇ ਕੇਂਦਰੀ ਫੰਡ ‘ਬਚਾਏ’ ਜਾ ਸਕਣ। ਜ਼ਿਕਰਯੋਗ ਹੈ ਕਿ ਫੜਨਵੀਸ ਨੇ ਦੂਜੀ ਵਾਰ ਮੁੱਖ ਮੰਤਰੀ ਵਜੋਂ ਸੁਵੱਖਤੇ ਸਹੁੰ ਚੁੱਕ ਕੇ ਕਰੀਬ 80 ਘੰਟਿਆਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਹੈਗੜੇ ਵਿਵਾਦ ਖੜ੍ਹਾ ਕਰਨ ਵਾਲੇ ਬਿਆਨ ਦੇਣ ਲਈ ਜਾਣੇ ਜਾਂਦੇ ਹਨ। ਹੈਗੜੇ ਦੀ ਇਸ ਬਿਆਨਬਾਜ਼ੀ ਨੇ ਮਹਾਰਾਸ਼ਟਰ ’ਚ ਸਰਕਾਰ ਕਾਇਮ ਕਰਨ ਲਈ ਹੋਏ ਜੋੜ-ਤੋੜ ਨੂੰ ਨਵਾਂ ਮੋੜ ਦੇ ਦਿੱਤਾ ਹੈ। ਉਨ੍ਹਾਂ ਇਸ ਨੂੰ ‘ਡਰਾਮਾ’ ਦੱਸਦਿਆਂ ਕਿਹਾ ਕਿ ਵਿਕਾਸ ਕਾਰਜਾਂ ਲਈ ਰੱਖੇ ਫੰਡ ‘ਬਚਾਉਣ’ ਲਈ ਇਹ ਕੀਤਾ ਗਿਆ। ਕਰਨਾਟਕ ਦੇ ਉੱਤਰੀ ਕੰਨੜਾ ਦੇ ਯੇਲਾਪੁਰ ਵਿਚ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਨਿਚਰਵਾਰ ਨੂੰ ਹੈਗੜੇ ਨੇ ਇਹ ਬਿਆਨਬਾਜ਼ੀ ਕੀਤੀ ਸੀ। ਹੈਗੜੇ ਨੇ ਇਸ ਮੌਕੇ ਕਿਹਾ ‘40 ਹਜ਼ਾਰ ਕਰੋੜ ਰੁਪਏ ਤੋਂ ਵੱਧ ਮੁੱਖ ਮੰਤਰੀ ਦੇ ਦਾਇਰੇ ’ਚ ਸਨ। ਜੇ ਐੱਨਸੀਪੀ, ਕਾਂਗਰਸ ਤੇ ਸ਼ਿਵ ਸੈਨਾ ਸੱਤਾ ਸੰਭਾਲ ਲੈਂਦੇ ਤਾਂ ਯਕੀਨੀ ਤੌਰ ’ਤੇ ਇਹ ਪੈਸਾ ਵਿਕਾਸ ਲਈ ਖ਼ਰਚ ਨਾ ਹੁੰਦਾ ਤੇ ਇਸ ਦੀ ਕਿਸੇ ਹੋਰ ਪਾਸੇ ‘ਦੁਰਵਰਤੋਂ’ ਕਰ ਲਈ ਜਾਂਦੀ।’ ਉਨ੍ਹਾਂ ਅੱਗੇ ਕਿਹਾ ‘ਇਸ ਦੀ ਯੋਜਨਾਬੰਦੀ ਪਹਿਲਾਂ ਹੀ ਕਰ ਲਈ ਗਈ ਸੀ। ਜਦ ਤਿੰਨ ਧਿਰਾਂ ਵੱਲੋਂ ਸਰਕਾਰ ਬਣਾਉਣ ਬਾਰੇ ਜਾਣਕਾਰੀ ਮਿਲੀ ਤਾਂ ਇਹ ਡਰਾਮਾ ਕਰਨ ਬਾਰੇ ਫ਼ੈਸਲਾ ਲਿਆ ਗਿਆ। ਪ੍ਰਬੰਧ ਕੀਤੇ ਗਏ ਤੇ ਸਹੁੰ ਚੁਕਾਈ ਗਈ। ਫੜਨਵੀਸ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੇ 15 ਘੰਟੇ ਅੰਦਰ ਪੂਰੀ ਤਰੀਕੇ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਪੈਸਾ ਉੱਥੇ ਪਹੁੰਚੇ, ਜਿੱਥੇ ਪਹੁੰਚਣਾ ਚਾਹੀਦਾ ਹੈ ਤੇ ਇਸ ਨੂੰ ਸੁਰੱਖਿਅਤ ਕੀਤਾ ਗਿਆ। ਸਾਰਾ ਪੈਸਾ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਗਿਆ।’

Radio Mirchi