ਕੇਜਰੀਵਾਲ ਦਾ ਹਲਫ਼ਦਾਰੀ ਸਮਾਗਮ 16 ਨੂੰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਤੀਜੀ ਵਾਰ ਜਿੱਤੇ ਅਰਵਿੰਦ ਕੇਜਰੀਵਾਲ ਨੂੰ ਅੱਜ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਕੇਜਰੀਵਾਲ 16 ਫਰਵਰੀ ਨੂੰ ਰਾਮਲੀਲਾ ਮੈਦਾਨ ਵਿੱਚ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਰਾਜ ਨਿਵਾਸ ਵਿੱਚ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ।
ਸੂਤਰਾਂ ਮੁਤਾਬਕ ਪੰਦਰਾਂ ਮਿੰਟ ਦੀ ਇਸ ਮੀਟਿੰਗ ਦੌਰਾਨ ਕੇਜਰੀਵਾਲ ਦੇ ਹਲਫ਼ਦਾਰੀ ਸਮਾਗਮ ਬਾਰੇ ਚਰਚਾ ਹੋਈ। ਉਧਰ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਲੋਕਾਂ ਲਈ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣਾ ਹੀ ਸੱਚੀ ਦੇਸ਼ਭਗਤੀ ਹੈ। ਪਟਪੜਗੰਜ ਤੋਂ ਚੋਣ ਜਿੱਤੇ ਸ੍ਰੀ ਸਿਸੋਦੀਆ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਸਿਵਲ ਲਾਈਨਜ਼ ਸਥਿਤ ਅਧਿਕਾਰਤ ਰਿਹਾਇਸ਼ ’ਤੇ ਹੋਈ ਪਾਰਟੀ ਵਿਧਾਇਕਾਂ ਦੀ ਮੀਟਿੰਗ ਦੌਰਾਨ ਸ੍ਰੀ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਕੇਜਰੀਵਾਲ ਹੁਣ 16 ਫਰਵਰੀ ਨੂੰ ਰਾਮ ਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। 70 ਮੈਂਬਰੀ ਦਿੱਲੀ ਅਸੈਂਬਲੀ ਦੇ ਲੰਘੇ ਦਿਨ ਐਲਾਨੇ ਨਤੀਜਿਆਂ ਵਿੱਚ ‘ਆਪ’ ਤੇ ਭਾਜਪਾ ਨੇ ਕ੍ਰਮਵਾਰ 62 ਤੇ 8 ਸੀਟਾਂ ਜਿੱਤੀਆਂ ਹਨ ਜਦੋਂਕਿ ਕਾਂਗਰਸ ਲਗਾਤਾਰ ਦੂਜੀ ਵਾਰ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੀ। ਸ੍ਰੀ ਸਿਸੋਦੀਆ ਨੇ ਦੱਸਿਆ ਕਿ 16 ਫਰਵਰੀ ਨੂੰ ਸ੍ਰੀ ਕੇਜਰੀਵਾਲ ਦੇ ਨਾਲ ਉਨ੍ਹਾਂ ਦਾ ਮੰਤਰੀ ਮੰਡਲ ਵੀ ਸਹੁੰ ਚੁੱਕੇਗਾ। ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਹਲਫ਼ਦਾਰੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਸ੍ਰੀ ਕੇਜਰੀਵਾਲ ਨਾਲ ਮਿਲ ਕੇ ਦਿੱਲੀ ਨੂੰ ‘ਨਫ਼ਰਤ ਦੀ ਰਾਜਨੀਤੀ’ ਤੋਂ ਮੁਕਤ ਕਰਨ ਦੀ ਸਹੁੰ ਚੁੱਕਣ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਨੂੰ ਮੁੱਢੋਂ ਹੀ ਰੱਦ ਕਰਦਿਆਂ ਵਿਕਾਸ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਮਾਡਲ ਹੀ ਤਰੱਕੀ ਦਾ ਸਹੀ ਮਾਡਲ ਹੈ। ਬੱਚਿਆਂ ਦੀ ਸਿੱਖਿਆ, ਚੰਗਾ ਇਲਾਜ ਤੇ 24 ਘੰਟੇ ਸਸਤੀ ਦਰਾਂ ਉਪਰ ਬਿਜਲੀ ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੀ ਸੱਚੀ ਦੇਸ਼ ਭਗਤੀ ਹੈ।
ਦਿੱਲੀ ਦੀ ਸਿੱਖਿਆ ਨੀਤੀ ਨੂੰ ਘੜਨ ਵਾਲੀ ਆਤਿਸ਼ੀ ਨੂੰ ਕੇਜਰੀਵਾਲ ਸਰਕਾਰ ਵਿੱਚ ਸਿੱਖਿਆ ਮੰਤਰੀ ਬਣਾਏ ਜਾਣ ਦੀ ਉਮੀਦ ਹੈ। ਆਤਿਸ਼ੀ ਸਖ਼ਤ ਮੁਕਾਬਲੇ ਵਿੱਚ ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਜਿੱਤੀ ਹੈ। ਕੇਜਰੀਵਾਲ ਵਜ਼ਾਰਤ ਵਿੱਚ ਰਾਘਵ ਚੱਢਾ ਜਾਂ ਦਲੀਪ ਪਾਂਡੇ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਚਰਚਾ ਹੈ। ਉਧਰ ਸਿੱਖ ਵੋਟਰਾਂ ਦੀ ਵੀ ਨਵੇਂ ਮੰਤਰੀ ਮੰਡਲ ’ਤੇ ਨਜ਼ਰ ਰਹੇਗੀ। ਪਾਰਟੀ ਨੇ ਦੋ ਸਿੱਖ ਉਮੀਦਵਾਰਾਂ ਪ੍ਰਹਿਲਾਦ ਸਿੰਘ ਸਾਹਨੀ ਤੇ ਜਰਨੈਲ ਸਿੰਘ ਨੂੰ ਕ੍ਰਮਵਾਰ ਚਾਂਦਨੀ ਚੌਕ ਤੇ ਤਿਲਕ ਨਗਰ ਤੋਂ ਟਿਕਟ ਦਿੱਤੀ ਸੀ, ਤੇ ਦੋਵੇਂ ਜੇਤੂ ਰਹੇ। ਹਾਲਾਂਕਿ ਦੋ ਹੀ ਸਿੱਖ ਵਿਧਾਇਕਾਂ ਨੂੰ ਟਿਕਟ ਦੇਣ ਤੋਂ ਖਫ਼ਾ ਸਿੱਖ ਵਸੋਂ ਵਾਲੇ ਹਲਕਿਆਂ ਅੰਦਰ ‘ਆਪ’ ਨੂੰ ਘੱਟ ਵੋਟਾਂ ਪਈਆਂ ਹਨ।