ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਅੱਜ ਲੈਣਗੇ ਹਲਫ਼

ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਅੱਜ ਲੈਣਗੇ ਹਲਫ਼

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਸਵੇਰੇ 10 ਵਜੇ ਰਾਮਲੀਲਾ ਮੈਦਾਨ ’ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ। ਉਨ੍ਹਾਂ ਨਾਲ ਛੇ ਹੋਰ ਵਿਧਾਇਕ ਵੀ ਮੰਤਰੀ ਅਹੁਦੇ ਦਾ ਹਲਫ਼ ਲੈਣਗੇ। ਇਲਾਕੇ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 70 ਮੈਂਬਰੀ ਵਿਧਾਨ ਸਭਾ ’ਚ ‘ਆਪ’ ਨੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ 62 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਨੂੰ 8 ਸੀਟਾਂ ਨਸੀਬ ਹੋਈਆਂ ਜਦਕਿ ਕਾਂਗਰਸ ਦਾ ਖਾਤਾ ਨਹੀਂ ਖੁੱਲ੍ਹ ਸਕਿਆ। ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਹਲਫ਼ਦਾਰੀ ਸਮਾਗਮ ’ਚ ‘ਦਿੱਲੀ ਨਿਰਮਾਣ’ ਲਈ ਜ਼ਿੰਮੇਵਾਰ 50 ਵਿਅਕਤੀ ਵੀ ਮੰਚ ’ਤੇ ਮੌਜੂਦ ਰਹਿਣਗੇ। ਇਨ੍ਹਾਂ ’ਚ ਅਧਿਆਪਕ, ਬੱਸ ਮਾਰਸ਼ਲ, ਅੱਗ ਬੁਝਾਉਣ ਸਮੇਂ ਜਾਨਾਂ ਗੁਆਉਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਸ਼ਾਮਲ ਹਨ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਲਫ਼ਦਾਰੀ ਸਮਾਗਮ ’ਚ ਆਉਣਗੇ ਤਾਂ ਸ੍ਰੀ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਉਧਰ ਸਹੁੰ ਚੁੱਕ ਸਮਾਗਮ ’ਚ ਦਿੱਲੀ ਦੇ ਅਧਿਆਪਕਾਂ ਨੂੰ ਬੁਲਾਉਣ ਦਾ ਮੁੱਦਾ ਭਖ਼ ਗਿਆ ਹੈ ਅਤੇ ਵਿਰੋਧੀ ਧਿਰ ਨੇ ਇਸ ਸੱਦੇ ਨੂੰ ਤਾਨਾਸ਼ਾਹੀ ਫਰਮਾਨ ਕਰਾਰ ਦਿੱਤਾ ਹੈ। ਭਾਜਪਾ ਦੇ ਰੋਹਿਣੀ ਤੋਂ ਜਿੱਤੇ ਆਗੂ ਵਿਜੇਂਦਰ ਗੁਪਤਾ ਨੇ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਉਸ ਸਰਕੁਲਰ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਜਿਸ ’ਚ ਪ੍ਰਿੰਸੀਪਲਾਂ ਨੂੰ ਅਧਿਆਪਕਾਂ ਸਮੇਤ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨਾ ‘ਲਾਜ਼ਮੀ’ ਕਰਾਰ ਦਿੱਤਾ ਗਿਆ ਹੈ। ਭਾਜਪਾ ਦੇ ਮਾਡਲ ਟਾਊਨ ਤੋਂ ਹਾਰੇ ਉਮੀਦਵਾਰ ਕਪਿਲ ਮਿਸ਼ਰਾ ਨੇ ਵੀ ਇਸ ਸੱਦੇ ਦੀ ਨਿੰਦਾ ਕੀਤੀ ਹੈ। ਅਧਿਆਪਕਾਂ ਨੂੰ ਜਬਰੀ ਬੁਲਾਏ ਜਾਣ ਦੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਸਿਸੋਦੀਆਂ ਨੇ ਕਿਹਾ ਕਿ ਅਧਿਆਪਕਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਸਕੂਲਾਂ ਦੀ ਨੁਹਾਰ ਬਦਲਣ ’ਚ ਅਹਿਮ ਯੋਗਦਾਨ ਪਾਇਆ ਹੈ। ਇਸ ਦੌਰਾਨ ਅੱਜ ਰਾਤ ਸ੍ਰੀ ਕੇਜਰੀਵਾਲ ਨੇ ਮਨੋਨੀਤ ਮੰਤਰੀਆਂ ਨਾਲ ਰਾਤ ਦੇ ਖਾਣੇ ’ਤੇ ਕੌਮੀ ਰਾਜਧਾਨੀ ਦੇ ਵਿਕਾਸ ਦੇ ਖਾਕੇ ਅਤੇ ਦਿੱਲੀ ਨੂੰ ਆਲਮੀ ਪੱਧਰ ਦਾ ਸ਼ਹਿਰ ਬਣਾਉਣ ਬਾਰੇ ਵਿਚਾਰ ਵਟਾਦਰਾ ਕੀਤਾ।

Radio Mirchi