ਕੈਨੇਡਾ PR: ਭਾਰਤੀਆਂ ਦੀ ਗਿਣਤੀ ਚ ਰਿਕਾਰਡ ਵਾਧਾ, 4 ਵਿਦੇਸ਼ੀਆਂ ਚੋਂ 1 ਭਾਰਤੀ
ਜਲੰਧਰ/ਟੋਰਾਂਟੋ- ਅੱਜ ਦੇ ਸਮੇਂ ਵਿਚ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦੀ ਸੁਪਨਾਂ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਜਿਹੇ ਮੁਲਕਾਂ ਵਿਚ ਜਾ ਕੇ ਵੱਸਣ ਦਾ ਰਹਿੰਦਾ ਹੈ। ਇਸੇ ਤਰ੍ਹਾਂ ਜੇਕਰ ਇਕੱਲੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਕੈਨੇਡਾ ਦੇ ਸਥਾਈ ਨਿਵਾਸੀ (ਪੀ.ਆਰ.) ਦਾ ਦਰਜਾ ਪ੍ਰਾਪਤ ਕਰਨ ਵਾਲੇ 4 ਵਿਦੇਸ਼ੀਆਂ ਵਿਚੋਂ ਇਕ ਭਾਰਤੀ ਸੀ।
ਸਾਲ 2019 ਵਿਚ ਕੈਨੇਡਾ ਦਾਖਲ ਹੋਏ 3.41 ਲੱਖ ਵਿਦੇਸ਼ੀਆਂ ਵਿਚੋਂ 85,585 (25.1%) ਭਾਰਤੀ ਸਨ। ਇਹ ਗਿਣਤੀ ਕੈਨੇਡਾ ਦੇ ਇਮੀਗ੍ਰੇਸ਼ਨ ਵਲੋਂ ਮਿੱਥੇ ਟੀਚੇ ਤੋਂ ਕਿਤੇ ਵਧ ਸੀ। ਦਰਅਸਲ ਇਹ ਲਗਾਤਾਰ ਦੂਸਰਾ ਸਾਲ ਸੀ, ਜਦੋਂ 3 ਲੱਖ ਤੋਂ ਵਧੇਰੇ ਵਿਦੇਸ਼ੀ ਲੋਕਾਂ ਨੂੰ ਕੈਨੇਡਾ ਨੇ ਪੱਕੇ ਤੌਰ 'ਤੇ ਨਿਵਾਸ ਦਿੱਤਾ ਗਿਆ ਹੈ। ਕੈਨੇਡੀਅਨ ਪੀ.ਆਰ. ਅਮਰੀਕੀ ਗ੍ਰੀਨ ਕਾਰਡ ਦੇ ਸਮਾਨ ਹੈ, ਜਿਸ ਦਾ ਧਾਰਕ ਆਪਣੇ ਪਰਿਵਾਰ ਨਾਲ ਕੈਨੇਡਾ ਵਿਚ ਕਿਤੇ ਵੀ ਰਹਿਣ, ਕੰਮ ਕਰਨ ਜਾਂ ਪੜ੍ਹਾਈ ਕਰਨ ਲਈ ਸੁਤੰਤਰ ਹੁੰਦਾ ਹੈ। ਸਾਲ 2019 ਦੇ ਕੁੱਲ ਅੰਕੜੇ 2018 ਵਿਚ ਕੈਨੇਡਾ ਵਿਚ ਦਾਖਲ ਹੋਏ 3.21 ਲੱਖ ਲੋਕਾਂ ਦੇ ਮੁਕਾਬਲੇ 6.2 ਫੀਸਦੀ ਦੀ ਤੇਜ਼ੀ ਨੂੰ ਦਰਸਾਉਂਦੇ ਹਨ। ਜੇਕਰ ਇਹਨਾਂ ਅੰਕੜਿਆਂ ਦੀ 2017 ਦੇ 2.86 ਲੱਖ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ ਫਰਕ 19 ਫੀਸਦੀ ਤੱਕ ਪਹੁੰਚ ਜਾਂਦਾ ਹੈ। ਇੰਨਾਂ ਹੀ ਨਹੀਂ ਕੈਨੇਡੀਅਨ ਸਰਕਾਰ ਨੂੰ ਉਮੀਦ ਹੈ ਕਿ ਇਹ ਗਿਣਤੀ ਆਉਣ ਵਾਲੇ ਸਾਲ ਵਿਚ 3.5 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਸਕਦੀ ਹੈ।
ਭਾਰਤੀ ਕੈਨੇਡਾ ਦੀ ਪੀ.ਆਰ. ਹਾਸਲ ਕਰਨ ਵਾਲੇ ਬਾਕੀ ਦੇਸ਼ਾਂ ਵਿਚੋਂ ਚੋਟੀ 'ਤੇ ਹਨ। ਪੀ.ਆਰ. ਦੀ ਭਾਲ ਕਰਨ ਵਾਲਿਆਂ ਵਿਚ ਨਾ ਸਿਰਫ ਸਿੱਧੇ ਭਾਰਤ ਤੋਂ ਪਰਵਾਸ ਕਰਨ ਵਾਲੇ ਲੋਕ ਸ਼ਾਮਲ ਹਨ, ਬਲਕਿ ਅਮਰੀਕਾ ਦੇ ਐਚ-1 ਬੀ ਵੀਜ਼ਾ ਧਾਰਕ ਵੀ ਸ਼ਾਮਲ ਹਨ, ਜੋ ਕਿ ਅਮਰੀਕਾ ਦੀਆਂ ਨਵੀਆਂ ਨੀਤੀਆਂ ਤੋਂ ਦੁਖੀ ਸਨ ਤੇ ਦਹਾਕਿਆਂ ਤੋਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਸਨ। ਭਾਰਤ ਤੋਂ ਬਾਅਦ ਚੀਨ ਕੈਨੇਡਾ ਵਿਚ ਪੀ.ਆਰ. ਹਾਸਲ ਕਰਨ ਵਾਲੇ ਦੇਸ਼ਾਂ ਵਿਚ 30,260 ਦੀ ਗਿਣਤੀ ਨਾਲ ਦੂਜੇ ਨੰਬਰ 'ਤੇ ਹੈ। ਇਹ ਗਿਣਤੀ ਕੁੱਲ ਅੰਕੜਿਆਂ ਦਾ ਸਿਰਫ 9 ਫੀਸਦੀ ਹੈ। ਇਸ ਤੋਂ ਇਲਾਵਾ ਫਿਲੀਪੀਨਜ਼, ਨਾਈਜੀਰੀਆ ਤੇ ਅਮਰੀਕਾ ਨਵੇਂ ਸਥਾਈ ਵਸਨੀਕਾਂ ਦੇ ਚੋਟੀ ਦੇ ਪੰਜ ਦੇਸ਼ਾਂ ਵਿਚ ਸ਼ਾਮਲ ਹਨ।
2019 ਦੌਰਾਨ ਕੈਨੇਡਾ ਦੀ ਪੀ.ਆਰ. ਹਾਸਲ ਕਰਨ ਵਾਲੇ 3.41 ਲੱਖ ਲੋਕਾਂ ਵਿਚੋਂ 58 ਫੀਸਦੀ (1.96 ਲੱਖ) ਨੂੰ ਆਰਥਿਕ ਵਰਗ 27 ਫੀਸਦੀ ਨੂੰ ਪਰਿਵਾਰਕ ਸਪਾਂਸਰਸ਼ਿਪ ਤੇ ਬਾਕੀ 15 ਫੀਸਦੀ ਸ਼ਰਨਾਰਥੀਆਂ ਨੂੰ ਸਥਾਈ ਨਿਵਾਸ ਦਿੱਤਾ ਗਿਆ ਸੀ। ਹਾਲਾਂਕਿ ਇਸ ਦੌਰਾਨ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਵਲੋਂ ਪਰਵਾਸੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੋਲ੍ਹਣ ਨਾਲ ਧੋਖਾਧੜੀ ਦੇ ਮਾਮਲੇ ਵਧਣ ਦਾ ਵੀ ਖਦਸ਼ਾ ਹੈ। ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ ਵਿਚ ਝੂਠੇ ਜੌਬ ਆਫਰ ਤੇ ਫਰਜ਼ੀ ਵੀਜ਼ਿਆਂ ਨਾਲ ਹਰ ਸਾਲ ਸੈਂਕੜੇ ਲੋਕਾਂ ਨੂੰ ਠੱਗਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।