ਕੈਨੇਡਾ ਚ 18 ਲੱਖ ਲੋਕਾਂ ਦਾ ਹੋ ਚੁੱਕਾ ਹੈ ਕੋਰੋਨਾ ਟੈਸਟ, 5 ਫੀਸਦੀ ਲੋਕਾਂ ਦੀ ਰਿਪੋਰਟ ਹੈ ਪਾਜ਼ੀਟਿਵ
ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 95 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਜਦਕਿ ਇੱਥੇ 7800 ਮੌਤਾਂ ਹੋ ਚੁੱਕੀਆਂ ਹਨ। ਕੈਨੇਡਾ ਦੇ ਜਨਤਕ ਸਿਹਤ ਏਜੰਸੀ ਮੁਤਾਬਕ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਦੀ ਲਪੇਟ ਵਿਚ ਆਏ ਲੋਕਾਂ ਦੀ ਗਿਣਤੀ 95,699 ਹੈ ਅਤੇ ਇੱਥੇ ਮੌਤਾਂ ਦੀ ਗਿਣਤੀ 7800 ਹੋ ਗਈ ਹੈ। ਇੱਥੋਂ ਦੇ ਸੂਬੇ ਕਿਊਬਿਕ ਵਿਚ 4,978 ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਂਟਾਰੀਓ ਵਿਚ 2,426 ਲੋਕਾਂ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ।
ਸਿਹਤ ਏਜੰਸੀ ਮੁਤਾਬਕ ਕੋਰੋਨਾ ਕਾਰਨ ਕੈਨੇਡਾ ਦਾ ਕਿਊਬਿਕ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 52,849 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਤੇ ਇਸ ਦੇ ਬਾਅਦ ਓਂਟਾਰੀਓ ਸੂਬਾ ਸਭ ਤੋਂ ਵੱਧ ਕੋਰੋਨਾ ਦੀ ਮਾਰ ਝੱਲ ਰਿਹਾ ਹੈ। ਇੱਥੇ 30,617 ਲੋਕ ਕੋਰੋਨਾ ਦੀ ਲਪੇਟ ਵਿਚ ਹਨ।
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵਿਚ ਹੁਣ ਤੱਕ 18,68,000 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ, ਜਿਨ੍ਹਾਂ ਵਿਚੋਂ ਲਗਭਗ 5 ਫੀਸਦੀ ਲੋਕ ਇਸ ਮਹਾਮਾਰੀ ਨਾਲ ਪੀੜਤ ਪਾਏ ਗਏ ਹਨ। ਕੈਨੇਡਾ ਦੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਾਵਧਾਨੀ ਨਾਲ ਲੋਕ ਨਹੀਂ ਰਹਿਣਗੇ ਤਾਂ ਕੈਨੇਡਾ ਵਿਚ ਕੋਰੋਨਾ ਦੀ ਦੂਜੀ ਲਹਿਰ ਵਿਸਫੋਟਕ ਹੋ ਸਕਦੀ ਹੈ। ਇਸ ਲਈ ਲੋਕ ਵੱਧ ਤੋਂ ਵੱਧ ਧਿਆਨ ਰੱਖਣ।