ਕੈਨੇਡਾ ਚ ਕੋਰੋਨਾ ਵਾਇਰਸ ਦਾ ਹੁਣ ਕਿੰਨਾ ਖਤਰਾ, ਦੇਖੋ ਇਹ ਰਿਪੋਰਟ
ਓਟਾਵਾ- ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨਾਲ ਵੱਡੀ ਗਿਣਤੀ ਵਿਚ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ ਅਤੇ ਇਸ ਦਾ ਸੰਕਰਮਣ ਵੀ ਵੱਧ ਰਿਹਾ ਹੈ। ਹਾਲਾਂਕਿ ਨਿਊਜ਼ੀਲੈਂਡ ਖੁਦ ਨੂੰ ਇਸ ਤੋਂ ਮੁਕਤ ਐਲਾਨ ਕਰ ਚੁੱਕਾ ਹੈ। ਉੱਥੇ ਹੀ, ਕੈਨੇਡਾ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 98 ਹਜ਼ਾਰ ਤੋਂ ਪਾਰ ਹੋ ਕੇ 98,787 ਹੋ ਗਈ ਹੈ, ਹਾਲਾਂਕਿ ਇੱਥੇ 60,272 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ ਅਤੇ ਹਸਪਤਾਲਾਂ ਤੋਂ ਛੁੱਟੀ ਲੈ ਕੇ ਘਰਾਂ ਨੂੰ ਵਾਪਸ ਚਲੇ ਗਏ ਹਨ। ਕੈਨੇਡਾ ਵਿਚ ਕੁੱਲ 8,146 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੈਨੇਡਾ ਵਿਚ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੋ ਸੂਬੇ ਹਨ, ਓਂਟਾਰੀਓ ਤੇ ਕਿਊਬਿਕ। ਹਾਲਾਂਕਿ ਇਨ੍ਹਾਂ ਸੂਬਿਆਂ ਵਿਚ ਵੀ ਕੁਝ ਦਿਨਾਂ ਤੋਂ ਸੰਕਰਮਣ ਦੇ ਮਾਮਲੇ ਘੱਟ ਹੋਏ ਹਨ।
ਪਿਛਲੇ ਦਿਨ ਕਿਊਬਿਕ ਵਿਚ ਕੋਵਿਡ-19 ਦੇ 128 ਨਵੇਂ ਮਾਮਲੇ ਸਾਹਮਣੇ ਆਏ ਹਨ। ਕਿਊਬਿਕ ਵਿਚ ਹੁਣ ਕੋਵਿਡ-19 ਦੇ ਮਾਮਲਿਆਂ ਦੀ ਕੁੱਲ ਗਿਣਤੀ 53,952 ਹੋ ਗਈ ਹੈ। ਉੱਥੇ ਹੀ, 27 ਹੋਰ ਮੌਤਾਂ ਹੋਣ ਨਾਲ ਸੂਬੇ ਵਿਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ 5,222 'ਤੇ ਪਹੁੰਚ ਗਈ ਹੈ।
ਇਸ ਤੋਂ ਇਲਾਵਾ ਅਲਬਰਟਾ ਵਿਚ 50 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਕੋਈ ਵੀ ਮੌਤ ਦਰਜ ਨਹੀਂ ਹੋਈ। ਇਸ ਸਮੇਂ ਅਲਬਰਟਾ ਵਿਚ 422 ਸਰਗਰਮ ਮਾਮਲੇ ਹਨ। ਕੈਲਗਰੀ ਜ਼ੋਨ ਵਿਚ 204 ਸਰਗਰਮ ਮਾਮਲੇ ਹਨ।
ਓਂਟਾਰੀਓ ਵਿਚ ਕੋਵਿਡ-19 ਨਾਲ 12 ਹੋਰ ਮੌਤਾਂ ਅਤੇ 197 ਨਵੇਂ ਮਾਮਲੇ ਦਰਜ ਹੋਏ ਹਨ। ਇਸ ਨਾਲ ਸੂਬੇ ਵਿਚ ਮ੍ਰਿਤਕਾਂ ਦੀ ਗਿਣਤੀ 2,519 ਹੋ ਗਈ ਹੈ, ਜਿਸ ਵਿਚ ਘੱਟੋ-ਘੱਟ 2,412 ਮੌਤਾਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੋਈਆਂ ਹਨ। ਓਂਟਾਰੀਓ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 32,189 ਹੋ ਗਈ ਹੈ।ਹਾਲਾਂਕਿ, ਇਹ ਲਗਾਤਾਰ ਸੱਤਵਾਂ ਦਿਨ ਹੈ ਜਦੋਂ ਸੂਬੇ ਵਿਚ ਕੋਰੋਨਾ ਵਾਇਰਸ ਦੇ 300 ਤੋਂ ਘੱਟ ਨਵੇਂ ਮਾਮਲੇ ਦਰਜ ਕੀਤੇ ਗਏ ਹਨ।