ਕੈਨੇਡਾ ਚ ਦੀਵਾਲੀ ਦੀਆਂ ਰੌਣਕਾਂ, ਪੀ. ਐੱਮ. ਟਰੂਡੋ ਨੇ ਦਿੱਤੀਆਂ ਵਧਾਈਆਂ
ਓਨਟਾਰੀਓ— ਕੈਨੇਡਾ 'ਚ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਹਨ ਜੋ ਭਾਰਤੀ ਸੱਭਿਆਚਾਰ ਮੁਤਾਬਕ ਹਰ ਦਿਨ-ਤਿਓਹਾਰ ਚਾਅ ਨਾਲ ਮਨਾਉਂਦੇ ਹਨ। ਦੀਵਾਲੀ ਦਾ ਜਸ਼ਨ ਭਾਰਤ ਸਮੇਤ ਕਈ ਦੇਸ਼ਾਂ 'ਚ ਮਨਾਇਆ ਗਿਆ। ਕੈਨੇਡਾ 'ਚ ਵੀ ਦੀਵਾਲੀ ਦੀਆਂ ਰੌਣਕਾਂ ਲੱਗੀਆਂ। ਲੋਕਾਂ ਨੇ ਪਟਾਕੇ, ਆਤਿਸ਼ਬਾਜ਼ੀਆਂ ਅਤੇ ਅਨਾਰ ਚਲਾ ਕੇ ਖੁਸ਼ੀ ਸਾਂਝੀ ਕੀਤੀ। ਲੋਕਾਂ ਨੇ ਆਪਣੇ ਘਰਾਂ ਨੂੰ ਵੀ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਅਤੇ ਇੱਥੇ ਭਾਰਤ ਵਰਗਾ ਮਾਹੌਲ ਬਣ ਗਿਆ।
ਕੈਨੇਡਾ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਜਸਟਿਨ ਟਰੂਡੋ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ 'ਬੰਦੀ ਛੋੜ ਦਿਵਸ' ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਐਤਵਾਰ ਨੂੰ ਸਟੇਟਮੈਂਟ ਜਾਰੀ ਕਰਕੇ ਵਧਾਈ ਦਿੱਤੀ। ਉਨ੍ਹਾਂ ਕਿਹਾ,''ਅੱਜ ਅਸੀਂ ਕੈਨੇਡਾ 'ਚ ਰਹਿ ਰਹੇ ਹਿੰਦੂ, ਸਿੱਖ, ਜੈਨ ਅਤੇ ਬੋਧੀ ਭਾਈਚਾਰੇ ਨਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਖੁਸ਼ੀ ਸਾਂਝੀ ਕਰ ਰਹੇ ਹਾਂ। ਰੌਸ਼ਨੀ ਦੇ ਇਸ ਤਿਉਹਾਰ ਨੂੰ ਲੱਖਾਂ ਲੋਕ ਮਨਾ ਰਹੇ ਹਨ। ਇਹ ਦਿਨ ਹਨ੍ਹੇਰੇ 'ਤੇ ਰੌਸ਼ਨੀ, ਬੁਰਾਈ 'ਤੇ ਚੰਗਿਆਈ ਅਤੇ ਗਿਆਨ ਤੇ ਆਸ ਦੀ ਸ਼ਕਤੀ ਦੀ ਯਾਦ 'ਚ ਮਨਾਇਆ ਜਾਂਦਾ ਹੈ। ਲੋਕ ਆਪਣੇ ਪਰਿਵਾਰਾਂ ਤੇ ਦੋਸਤਾਂ ਨਾਲ ਮਿਲ ਕੇ ਇਸ ਦਿਨ ਨੂੰ ਮਨਾਉਂਦੇ ਹਨ ਤੇ ਇਕ-ਦੂਜੇ ਨੂੰ ਤੋਹਫੇ ਦਿੰਦੇ ਹਨ ਅਤੇ ਰੌਸ਼ਨੀ ਨਾਲ ਆਪਣੇ ਘਰਾਂ ਨੂੰ ਸਜਾਉਂਦੇ ਹਨ।''