ਕੈਨੇਡਾ ਤੋਂ ਸਿੱਖ ਸ਼ਰਧਾਲੂਆਂ ਦੀ ਬੱਸ ਆਵੇਗੀ ਕਰਤਾਰਪੁਰ
ਨਾਰੋਵਾਲ/ਓਟਾਵਾ— ਕੈਨੇਡਾ ਤੋਂ ਪਾਕਿਸਤਾਨ ਜਾ ਰਹੇ ਸਿੱਖ ਸ਼ਰਧਾਲੂਆਂ ਦੀ ਬੱਸ ਅੱਜ ਪੈਰਿਸ ਪੁੱਜ ਗਈ, ਜੋ ਕਿ ਪਾਕਿਸਤਾਨ ਵਿਚ ਕਰਤਾਰਪੁਰ ਵਿਖੇ ਕਰਵਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚ ਸ਼ਾਮਲ ਹੋਵੇਗੀ। ਇਕ ਕੈਨੇਡੀਅਨ ਸਿੱਖ ਪਰਿਵਾਰ ਨੇ ਇਹ ਖਾਸ ਬੱਸ ਤਿਆਰ ਕਰਵਾਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਕਿਉਂਕਿ ਇਸ ਬੱਸ ਵਿਚ ਪੂਰਾ ਘਰ ਵਰਗਾ ਮਾਹੌਲ ਬਣਾਇਆ ਗਿਆ ਹੈ। ਬੱਸ ਵਿਚ ਰਸੋਈ, ਡਾਈਨਿੰਗ ਟੇਬਲ, ਵਾਸ਼ਰੂਮ ਅਤੇ ਬੈਡਰੂਮ ਸਣੇ ਸਾਰੀਆਂ ਸਹੂਲਤਾਂ ਮੌਜੂਦ ਹਨ।
ਇਸ ਦੇ ਅੱਗੇ 'ਜਰਨੀ ਟੂ ਕਰਤਾਰਪੁਰ' ਲਿਖਿਆ ਹੋਇਆ ਹੈ। ਇਹ ਬੱਸ ਕੈਨੇਡਾ ਤੋਂ ਚੱਲ ਕੇ ਲੰਡਨ, ਯੂ.ਕੇ. ਫਰਾਂਸ, ਜਰਮਨੀ, ਸਵਿੱਟਜ਼ਰਲੈਂਡ, ਆਸਟ੍ਰੇਲੀਆ ਤੁਰਕੀ ਅਤੇ ਈਰਾਨ ਤੋਂ ਹੁੰਦੀ ਹੋਈ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਵਿਖੇ ਪਹੁੰਚੇਗੀ। ਇਸ ਤੋਂ ਬਾਅਦ ਇਹ ਬੱਸ ਭਾਰਤ ਵਿਚ ਸਥਿਤ ਸੁਲਤਾਨਪੁਰ ਲੋਧੀ ਜਾਵੇਗੀ। ਸਿੱਖ ਸ਼ਰਧਾਲੂਆਂ ਨਾਲ ਭਰੀ ਇਸ ਬੱਸ ਨੇ 3 ਸਤੰਬਰ ਨੂੰ ਕੈਨੇਡਾ ਦੇ ਬਰੈਂਪਟਨ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਹੈ। ਇਹ ਕੈਨੇਡੀਅਨ ਸਿੱਖ ਪਰਿਵਾਰ ਕਰਤਾਰਪੁਰ ਲਾਂਘੇ ਦੇ ਉਦਘਾਟਨ ਪ੍ਰੋਗਰਾਮ ਵਿਚ ਸ਼ਾਮਲ ਹੋਣ ਮਗਰੋਂ ਭਾਰਤ ਦੇ ਸੁਲਤਾਨਪੁਰ ਲੋਧੀ ਵਿਖੇ ਜਾਣਗੇ। ਬੱਸ ਵਿਚ ਸਵਾਰ ਸਿੱਖ ਸ਼ਰਧਾਲੂ ਗੁਰਚਰਨ ਸਿੰਘ ਬਨਵੈਤ ਨੇ ਕਿਹਾ ਕਿ 'ਜਰਨੀ ਟੂ ਕਰਤਾਰਪੁਰ ਐਂਡ ਸੁਲਤਾਨਪੁਰ ਲੋਧੀ' ਦੇ ਨਾਂ ਹੇਠ ਇਕ ਫੇਸਬੁੱਕ ਪੇਜ ਵੀ ਬਣਾਇਆ ਗਿਆ ਹੈ।