ਕੈਨੇਡਾ ਦੇ ਟੋਰਾਂਟੋ ਤੇ ਵੈਨਕੂਵਰ ਸ਼ਹਿਰ ਲਈ ਉਡਾਣਾਂ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ
ਨਵੀਂ ਦਿੱਲੀ, — ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ਵੰਦੇ ਭਾਰਤ ਮਿਸ਼ਨ ਦਾ 6ਵਾਂ ਦੌਰ 1 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਨੁਸਾਰ, ਵੰਦੇ ਭਾਰਤ ਮਿਸ਼ਨ ਦੇ 6ਵੇਂ ਪੜਾਅ 'ਚ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆਂ ਦੀਆਂ 31 ਉਡਾਣਾਂ ਹੁਣ ਤੱਕ ਨਿਸ਼ਚਿਤ ਹੋ ਚੁੱਕੀਆਂ ਹਨ।
ਇਨ੍ਹਾਂ 'ਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ 17 ਤੇ ਵੈਨਕੂਵਰ ਸ਼ਹਿਰ ਤੋਂ 13 ਉਡਾਣਾਂ ਅਤੇ ਚੀਨ ਦੇ ਸੰਘਾਈ ਤੋਂ ਇਕ ਉਡਾਣ ਹੋਵੇਗੀ। ਇਨ੍ਹਾਂ ਸਭ ਉਡਾਣਾਂ ਦੀ ਲੈਂਡਿੰਗ ਦਿੱਲੀ ਹੋਵੇਗੀ।
ਗੌਰਤਲਬ ਹੈ ਕਿ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ 6 ਮਈ ਨੂੰ ਕੀਤੀ ਗਈ ਸੀ। ਮੌਜੂਦਾ ਸਮੇਂ ਇਸ ਦਾ ਪੰਜਵਾਂ ਪੜਾਅ ਜਾਰੀ ਹੈ। ਇਸ ਮਿਸ਼ਨ ਤਹਿਤ 15 ਅਗਸਤ ਤੱਕ ਏਅਰ ਇੰਡੀਆ ਅਤੇ ਉਸ ਦੀ ਇਕਾਈ ਏਅਰ ਇੰਡੀਆ ਐਕਸਪ੍ਰੈੱਸ ਦੀਆਂ 1,825 ਉਡਾਣਾਂ 'ਚ 3,36,436 ਲੋਕਾਂ ਨੂੰ ਲਿਆਂਦਾ ਜਾ ਚੁੱਕਾ ਹੈ। ਚਾਰਟਡ ਜਹਾਜ਼ਾਂ 'ਚ ਹੁਣ ਤੱਕ 5,98,504 ਲੋਕ ਦੇਸ਼ ਵਾਪਸ ਪਹੁੰਚ ਚੁੱਕੇ ਹਨ। ਕੋਵਿਡ-19 ਕਾਰਨ ਕੌਮਾਂਤਰੀ ਉਡਾਣਾਂ ਬੰਦ ਹੋਣ ਤੋਂ ਬਾਅਦ ਹੁਣ ਤੱਕ 10,64,201 ਭਾਰਤੀ ਸਵਦੇਸ਼ ਵਾਪਸ ਆਏ ਹਨ। ਇਨ੍ਹਾਂ 'ਚ ਜ਼ਮੀਨੀ ਰਸਤੇ ਤੋਂ ਸਰਹੱਦ ਰਾਹੀਂ 1,16,073 ਲੋਕ ਆਏ ਹਨ, ਜਦੋਂ ਕਿ ਭਾਰਤੀ ਜਲ ਫੌਜ ਦੇ ਜਹਾਜ਼ 'ਚ 3,987 ਲੋਕਾਂ ਨੂੰ ਸਮੁੰਦਰ ਰਸਤਿਓਂ ਲੈ ਕੇ ਆਏ ਹਨ।