ਕੈਨੇਡਾ ਦੇ ਪੰਜਾਬੀ ਗੜ੍ਹ ਚ ਕੋਰੋਨਾ ਦੀ ਦਸਤਕ, USA ਚ ਨੌ ਮੌਤਾਂ

ਕੈਨੇਡਾ ਦੇ ਪੰਜਾਬੀ ਗੜ੍ਹ ਚ ਕੋਰੋਨਾ ਦੀ ਦਸਤਕ, USA ਚ ਨੌ ਮੌਤਾਂ

ਸਰੀ— ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਨ ਤਹਿਲਕਾ ਮਚ ਚੁੱਕਾ ਹੈ। ਯੂ. ਐੱਸ. 'ਚ ਜਿੱਥੇ ਕੋਰੋਨਾ ਦੀ ਵਜ੍ਹਾ ਨਾਲ ਮੌਤਾਂ ਦੀ ਗਿਣਤੀ ਵੱਧ ਕੇ 9 'ਤੇ ਪਹੁੰਚ ਗਈ ਹੈ, ਉੱਥੇ ਹੀ ਨਾਲ ਲੱਗਦੇ ਕੈਨੇਡਾ 'ਚ ਵੀ ਇਸ ਨਾਲ ਇਨਫੈਕਟਡ ਮਾਮਲੇ ਹੁਣ ਸਾਹਮਣੇ ਆਉਣ ਲੱਗੇ ਹਨ।
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ ਕੋਵੀਡ-19 ਦੇ ਤਿੰਨ ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਸ ਨਾਲ ਸੂਬੇ 'ਚ ਮਰੀਜ਼ਾਂ ਦੀ ਕੁੱਲ ਗਿਣਤੀ 12 ਹੋ ਗਈ ਹੈ।
ਬੀ. ਸੀ. ਸੂਬੇ 'ਚ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ। ਕਈ ਪੰਜਾਬੀ ਇੱਥੋਂ ਦੀ ਸਰਕਾਰ 'ਚ ਮੰਤਰੀ ਵੀ ਹਨ। ਹਾਲਾਂਕਿ, ਕਿਸੇ ਵੀ ਪੰਜਾਬੀ 'ਚ ਇਸ ਦਾ ਕੋਈ ਮਾਮਲਾ ਨਹੀਂ ਹੈ। ਬੀ. ਸੀ. ਸੂਬੇ ਦੀ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਮੁਤਾਬਕ, ਤਿੰਨੋਂ ਨਵੇਂ ਮਾਮਲੇ ਈਰਾਨ ਨਾਲ ਸੰਬੰਧਤ ਹਨ, ਜਿੱਥੇ ਕੋਰੋਨਾ ਵਾਇਰਸ ਨੇ ਲੋਕਾਂ ਨੂੰ ਜਕੜ ਰੱਖਿਆ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਹਾਲ ਹੀ 'ਚ ਈਰਾਨ ਦੀ ਯਾਤਰਾ ਕੀਤੀ ਸੀ। ਹੈਨਰੀ ਨੇ ਕਿਹਾ ਕਿ ਇਹ ਸਾਰੇ ਮਰੀਜ਼ ਹੁਣ ਘਰ 'ਚ ਖੁਦ ਹੀ ਅਲੱਗ-ਥਲੱਗ ਹਨ ਅਤੇ ਉਨਾਂ ਦੀ ਸਿਹਤ ਦੀ ਨਜ਼ਦੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਬੀ. ਸੀ. 'ਚ ਹੁਣ ਤੱਕ ਕੋਈ ਵੀ ਮਾਮਲਾ ਬਹੁਤਾ ਗੰਭੀਰ ਨਹੀਂ ਹੈ।
ਈਰਾਨ-ਚੀਨ ਕਾਰਨ ਬੀ. ਸੀ. 'ਚ ਦਹਿਸ਼ਤ!
ਬੀ. ਸੀ. ਦੇ 12 ਮਾਮਲਿਆਂ 'ਚੋਂ 7 ਇਰਾਨ ਨਾਲ ਲਿੰਕਡ ਹਨ ਤੇ ਬਾਕੀ 5 ਮਾਮਲੇ ਚੀਨ ਨਾਲ ਜੁੜੇ ਹਨ, ਯਾਨੀ ਈਰਾਨ ਤੇ ਚੀਨ ਦੀ ਯਾਤਰਾ ਕਰਨ ਵਾਲੇ ਲੋਕ ਤੇਜ਼ੀ ਨਾਲ ਪ੍ਰਭਾਵਿਤ ਹੋ ਰਹੇ ਹਨ।  ਡਾ. ਹੈਨਰੀ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਈਰਾਨ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਆਪਣੇ-ਆਪ ਦੇ ਲੱਛਣਾਂ ਦੀ ਨਿਗਰਾਨੀ ਕਰਨ ਦੀ ਅਪੀਲ ਕੀਤੀ ਹੈ। ਇਸ ਲਈ ਹੁਣ ਤੱਕ 1,000 ਤੋਂ ਵੱਧ ਵਿਅਕਤੀਆਂ 'ਚ ਵਾਇਰਸ ਦਾ ਟੈਸਟ ਕੀਤਾ ਜਾ ਚੁੱਕਾ ਹੈ ਅਤੇ ਸਿਹਤ ਅਧਿਕਾਰੀਆਂ ਨੇ 24 ਘੰਟੇ ਦੇ ਅੰਦਰ-ਅੰਦਰ ਹਰ ਟੈਸਟ ਦੇ ਨਤੀਜੇ ਕੱਢੇ ਹਨ।
ਜ਼ਿਕਰਯੋਗ ਹੈ ਕਿ ਯੂ. ਐੱਸ. 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਮੰਗਲਵਾਰ ਤੱਕ ਨੌ ਹੋ ਗਈ ਹੈ। ਇਹ ਸਾਰੇ ਮਾਮਲੇ ਵਾਸ਼ਿੰਗਟਨ ਦੇ ਹਨ। ਰਿਸਰਚਰਾਂ ਦਾ ਮੰਨਣਾ ਹੈ ਕਿ ਵਾਸ਼ਿੰਗਟਨ 'ਚ ਇਹ ਵਾਇਰਸ ਹਫਤਿਆਂ ਤੱਕ ਬਿਨਾਂ ਰੁਕੇ ਫੈਲਦਾ ਰਿਹਾ ਹੋਵੇਗਾ, ਜਿਸ ਦੀ ਸਮੇਂ 'ਤੇ ਜਾਂਚ ਨਹੀਂ ਹੋ ਸਕੀ। ਇਸ ਲਈ ਵਾਸ਼ਿੰਗਟਨ 'ਚ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।

Radio Mirchi