ਕੈਨੇਡਾ ਵਿੱਚ ਮਾਰੇ ਗਏ ਨੌਜਵਾਨਾਂ ਦੇ ਮਾਪੇ ਉਡੀਕ ਰਹੇ ਨੇ ਲਾਸ਼ਾਂ
ਜਲੰਧਰ-ਕੈਨੇਡਾ ਦੇ ਸ਼ਹਿਰ ਉਂਟਾਰੀਓ ਦੇ ਸੜਕ ਹਾਦਸੇ ਵਿੱਚ ਮਾਰੇ ਗਏ ਤਿੰਨ ਵਿਦਿਆਰਥੀਆਂ ਵਿੱਚੋਂ ਦੋ ਲੜਕੇ ਜਲੰਧਰ ਤੇ ਇਕ ਲੜਕੀ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਤਨਵੀਰ ਸਿੰਘ ਜਲੰਧਰ ਸ਼ਹਿਰ ਦੇ ਮਾਡਲ ਹਾਊਸ ਦਾ ਰਹਿਣ ਵਾਲਾ ਸੀ ਜਦ ਕਿ ਗੁਰਵਿੰਦਰ ਸਿੰਘ ਜਲੰਧਰ ਨੇੜਲੇ ਪਿੰਡ ਫੋਲੜੀਵਾਲ ਦਾ ਅਤੇ ਹਰਪ੍ਰੀਤ ਕੌਰ ਗੁਰਦਾਸਪੁਰ ਦੇ ਪਿੰਡ ਧਮਰਾਏ ਦੀ ਸੀ।
ਇਹ ਤਿੰਨੋਂ ਵਿਦਿਆਰਥੀ ਅਪਰੈਲ ਵਿੱਚ ਕੈਨੇਡਾ ਸਟੱਡੀ ਵੀਜ਼ੇ ’ਤੇ ਗਏ ਸਨ ਤੇ ਉਥੇ ਸੇਂਟ ਕਲੇਅਰ ਕਾਲਜ ਵਿੰਡਸਰ ਵਿੱਚ ਇੱਕੋ ਹੀ ਕਲਾਸ ਵਿੱਚ ਪੜ੍ਹਦੇ ਸਨ। ਤਿੰਨਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਰਜ਼ੇ ਚੁੱਕ ਕੇ ਅਤੇ ਜ਼ਮੀਨਾਂ ਵੇਚ ਕੇ ਵਿਦੇਸ਼ ਭੇਜਿਆ ਸੀ । ਇਸ ਹਾਦਸੇ ਨਾਲ ਉਨ੍ਹਾਂ ਦੀ ਦੁਨੀਆ ਹੀ ਉਜੜ ਗਈ ਹੈ। ਤਨਵੀਰ ਦੇ ਪਿਤਾ ਭੁਪਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਤਨਵੀਰ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਉਹ 15 ਜੂਨ ਨੂੰ 18 ਸਾਲਾਂ ਦਾ ਹੋਇਆ ਸੀ। ਉਸ ਨੇ ਤਨਵੀਰ ਨੂੰ ਕੈਨੇਡਾ ਭੇਜਣ ਲਈ 15 ਲੱਖ ਦਾ ਕਰਜ਼ਾ ਚੁੱਕਿਆ ਸੀ। ਤਨਵੀਰ ਕੈਨੇਡਾ ਵਿੱਚ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰਦਾ ਸੀ।
ਇਹ ਹਾਦਸਾ ਸ਼ੁੱਕਰਵਾਰ ਦੀ ਰਾਤ ਨੂੰ ਡੇਢ ਵਜੇ ਦੇ ਕਰੀਬ ਹੋਇਆ ਸੀ ਜਦੋਂ ਉਹ ਕੰਮ ਤੋਂ ਵਾਪਸ ਆ ਰਹੇ ਸਨ ਤੇ ਅਗਲੇ ਦਿਨ ਉਸ ਨੇ ਆਪਣੀ ਕਲਾਸ ਲਗਾਉਣੀ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਤਨਵੀਰ ਤਾਂ ਕਿਸੇ ਹੋਰ ਗੱਡੀ ਵਿੱਚ ਬੈਠਣ ਲੱਗਾ ਸੀ ਪਰ ਗੁਰਵਿੰਦਰ ਸਿੰਘ ਨਾਲ ਪਿਆਰ ਹੋਣ ਕਾਰਨ ਉਹ ਉਸ ਦੀ ਗੱਡੀ ਵਿਚ ਬੈਠ ਗਿਆ। ਉਨ੍ਹਾਂ ਦੱਸਿਆ ਕਿ ਹਾਦਸਾ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਹੋਇਆ। ਹਾਦਸੇ ਸਮੇਂ ਕਾਰ ਦੀ ਰਫ਼ਤਾਰ 200 ਤੋਂ ਵੀ ਵੱਧ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਭਾਰਤ ਭੇਜਣ ਲਈ ਪੰਜਾਬੀ ਭਾਈਚਾਰਾ ਬਹੁਤ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਆਪਣੀ ਅਟਾਰਨੀ ਬਣਾ ਕੇ ਭੇਜ ਦਿੱਤੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮੰਗਲਵਾਰ ਜਾਂ ਬੁੱਧਵਾਰ ਤੱਕ ਲਾਸ਼ਾਂ ਇੱਧਰ ਆ ਜਾਣਗੀਆਂ।
ਫੋਲੜੀਵਾਲ ਦੇ ਰਹਿਣ ਵਾਲੇ 19 ਸਾਲਾ ਗੁਰਵਿੰਦਰ ਸਿੰਘ ਦੀ ਮੌਤ ਵੀ ਇਸ ਸੜਕ ਹਾਦਸੇ ਵਿੱਚ ਹੋ ਗਈ। ਉਸ ਦੇ ਪਿਤਾ ਜੋਗਾ ਸਿੰਘ ਨੇ ਦੱਸਿਆ ਕਿ ਉਹ ਤਾਂ ਬਹੁਤ ਛੋਟੇ ਕਿਸਾਨ ਹਨ। ਉਨ੍ਹਾਂ ਕੋਲ ਦੋ ਏਕੜ ਜ਼ਮੀਨ ਹੀ ਹੈ। ਉਸ ਦਾ ਪੁੱਤ ਬਾਰ੍ਹਵੀਂ ਕਰਕੇ ਕੈਨੇਡਾ ਜਾਣਾ ਲਈ ਕਾਹਲਾ ਸੀ ਜਿਸ ਨੂੰ ਇਸੇ ਸਾਲ ਅਪਰੈਲ ਵਿਚ ਬੜੇ ਚਾਵਾਂ ਨਾਲ ਤੋਰਿਆ ਸੀ।
ਜੋਗਾ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੇ ਪੁੱਤ ਨੇ ਲੰਘੀ 17 ਸਤੰਬਰ ਨੂੰ 19ਵਾਂ ਜਨਮ ਦਿਨ ਕੈਨੇਡਾ ਵਿੱਚ ਮਨਾਇਆ ਸੀ ਤਾਂ ਸਾਰੇ ਟੱਬਰ ਨੂੰ ਚਾਅ ਚੜ੍ਹ ਗਿਆ ਸੀ ਪਰ ਅੱਜ ਉਹ ਆਪਣੇ ਪੁੱਤ ਦੀ ਲਾਸ਼ ਉਡੀਕ ਰਹੇ ਹਨ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸੁਣਨ ਵਿੱਚ ਆਇਆ ਹੈ ਕਿ ਤਿੰਨੋਂ ਪਿਛਲੀ ਸੀਟ ’ਤੇ ਬੈਠੇ ਸਨ ਤੇ ਇਨ੍ਹਾਂ ਨੇ ਸੀਟ ਬੈਲਟ ਨਹੀਂ ਸੀ ਲਾਈ। ਡਰਾਈਵਰ ਨੇ ਸੀਟ ਬੈਲਟ ਲਾਈ ਹੋਈ ਸੀ ਤੇ ਉਹ ਬਚ ਗਿਆ। ਇਹ ਤਿੰਨੋਂ ਜਣੇ ਪਲਟੀਆਂ ਖਾਂਦੀ ਕਾਰ ਵਿੱਚੋਂ ਬਾਹਰ ਡਿੱਗ ਪਏ ਸਨ। ਗੁਰਦਾਸਪੁਰ ਦੇ ਪਿੰਡ ਧਮਰਾਏ ਦੇ ਰਹਿਣ ਵਾਲੇ ਸਾਬਕਾ ਫੌਜੀ ਮਨਮੋਹਨ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਉਨ੍ਹਾਂ ਦੀ ਧੀ ਹਰਪ੍ਰੀਤ ਕੌਰ ਦੀ ਮੌਤ ਹੋ ਗਈ ਹੈ। 20 ਸਾਲਾ ਹਰਪ੍ਰੀਤ ਕੌਰ ਵੀ ਇਸੇ ਸਾਲ ਅਪਰੈਲ ਵਿੱਚ ਕੈਨੇਡਾ ਗਈ ਸੀ।