ਕੈਨੇਡਾ ’ਚ ਕਰੋਨਾ ਕਾਰਨ 12 ਮੌਤਾਂ; 925 ਪੀੜਤ
ਕਰੋਨਾਵਾਇਰਸ ਮਹਾਂਮਾਰੀ ਨੇ ਕੈਨੇਡਾ ’ਚ ਵੀ ਲੋਕਾਂ ਦੀ ਜਾਨ ਸੁੱਕਣੇ ਪਾਈ ਹੋਈ ਹੈ, ਹਰ ਪਾਸੇ ਭੈਅ ਦਾ ਮਾਹੌਲ ਹੈ। ਕੈਨੇਡਾ ਸਰਕਾਰ ਨੇ ਸਰਹੱਦਾਂ ’ਤੇ ਚੌਕਸੀ ਵਧਾਈ ਹੈ ਤੇ ਕੈਨੇਡੀਅਨ ਨਾਗਰਿਕਾਂ ਅਤੇ ਪੀਆਰ (ਪੱਕੀ ਰਿਹਾਇਸ਼ ਵਾਲੇ ਵੀਜ਼ਾਧਾਰਕ) ਨੂੰ ਛੱਡ ਕੇ ਬਾਹਰੋਂ ਆਉਣ ਵਾਲੇ ਯਾਤਰੀਆਂ ’ਤੇ ਰੋਕ ਲਾਈ ਹੋਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਖ਼ੁਦ ‘ਆਈਸੋਲੇਸ਼ਨ’ (ਖ਼ੁਦ ਨੂੰ ਵੱਖ ਕਰ ਕੇ ਰੱਖਣਾ) ਵਿਚ ਹਨ, ਨੇ ਮੁਲਕ ਦੇ ਲੋਕਾਂ ਲਈ 82 ਅਰਬ ਡਾਲਰਾਂ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ। ਹੁਣ ਤੱਕ ਪੂਰੇ ਮੁਲਕ ਵਿਚ 925 ਤੇ ਇਕੱਲੇ ਓਂਟਾਰੀਓ ਵਿਚ 257 ਕਰੋਨਾ ਪੀੜਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਬੀਮਾਰੀ ਨਾਲ 12 ਮੌਤਾਂ ਹੋ ਚੁੱਕੀਆਂ ਹਨ। ਓਂਟਾਰੀਓ ’ਚ ਐਮਰਜੈਂਸੀ ਐਲਾਨਦਿਆਂ ਰੈਸਟੋਰੈਂਟਾਂ ਤੇ ਜਨਤਕ ਥਾਵਾਂ ਉਤੇ 50 ਤੋਂ ਵੱਧ ਲੋਕਾਂ ਦੇ ਇਕੱਠ ’ਤੇ ਰੋਕ ਲਾ ਦਿੱਤੀ ਗਈ ਹੈ। ਕਾਲਜ, ਸਕੂਲ, ਲਾਇਬਰੇਰੀਆਂ, ਸਿਨੇਮਾ ਘਰ ਤੇ ਪਾਰਕ ਅਗਲੀ ਸੂਚਨਾ ਤੱਕ ਬੰਦ ਕਰ ਦਿੱਤੇ ਗਏ ਹਨ, ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਤਾਕੀਦ ਕੀਤੀ ਗਈ ਹੈ। ਸ਼ੌਪਿੰਗ ਮਾਲਜ਼ ਅਤੇ ਸੜਕਾਂ ’ਤੇ ਬਹੁਤੀ ਚਹਿਲ-ਪਹਿਲ ਨਹੀਂ ਹੈ। ਇਸ ਨਾਲ ਸੈਰ-ਸਪਾਟਾ, ਮਨੋਰੰਜਨ ਅਤੇ ਰੈਸਤਰਾਂ ਸਨਅਤ ਨੂੰ ਆਰਥਿਕ ਝਟਕਾ ਲੱਗਾ ਹੈ। ਸਥਿਤੀ ਦੇ ਮੱਦੇਨਜ਼ਰ ਕੁਝ ਗੁਰਦੁਆਰਿਆਂ ਵਿਚ ਇਹਤਿਆਤ ਵਜੋਂ ਬੈਠ ਕੇ ਲੰਗਰ ਛੱਕਣ ਦੀ ਸੇਵਾ ਫ਼ਿਲਹਾਲ ਹਟਾਈ ਗਈ ਹੈ। ਓਂਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਸਲ ਵੱਲੋਂ 23 ਅਪਰੈਲ ਨੂੰ ਸਜਾਇਆ ਜਾਣ ਵਾਲਾ ਸਾਲਾਨਾ ਨਗਰ ਕੀਰਤਨ ਵੀ ਰੱਦ ਕਰ ਦਿੱਤਾ ਗਿਆ ਹੈ। ਕਈ ਸਮਾਜ-ਸੇਵੀ ਸੰਸਥਾਵਾਂ ਤੇ ਨਿੱਜੀ ਤੌਰ ’ਤੇ ਵੀ ਕਈ ਲੋਕ ਆਪੋ-ਆਪਣੇ ਤਰੀਕੇ ਨਾਲ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ। ਚੰਡੀਗੜ੍ਹ ਨਾਲ ਸਬੰਧਤ ਦੀਪਕ ਥਾਪਰ ਪਿਛਲੇ ਕਈ ਦਿਨਾਂ ਤੋਂ ਬੇਘਰੇ ਤੇ ਲੋੜਵੰਦਾਂ ਨੂੰ ਸੈਨੇਟਾਈਜ਼ਰ ਮੁਫ਼ਤ ਵੰਡ ਰਹੇ ਹਨ। ਸੈਨੇਟਾਈਜ਼ਰਾਂ ਦੀ ਸਟੋਰਾਂ ਵਿਚ ਬੇਹੱਦ ਘਾਟ ਹੈ।