ਕੈਪਟਨ ਦੀ ਰਿਹਾਇਸ਼ ਵੱਲ ਜਾਂਦੇ ਬੇਰੁਜ਼ਗਾਰ ਪੁਲੀਸ ਨੇ ਚੁੱਕੇ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਰੋਸ ਮਾਰਚ ਕੀਤਾ ਗਿਆ। ਭਾਵੇਂ ਪੁਲੀਸ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਕਾਫਲੇ ਨੂੰ ਵਾਈ.ਪੀ.ਐੱਸ ਚੌਕ ਕੋਲ ਰੋਕ ਲਿਆ ਪਰ ਸੱਤ ਪ੍ਰਦਰਸ਼ਨਕਾਰੀ ਪੁਲੀਸ ਨੂੰ ਝਕਾਨੀ ਦੇ ਕੇ ਪੈਲੇਸ ਦੇ ਮੁੱਖ ਗੇਟ ਕੋਲ ਪਹੁੰਚ ਗਏ। ਇਸ ਦੌਰਾਨ ਜਦੋਂ ਉਨ੍ਹਾਂ ਗੇਟ ਕੋਲ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਗਰੋਂ ਪੁਲੀਸ ਨੇ ਸੱਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਗਿਆ। ਪੁਲੀਸ ਵੱਲੋਂ ਹਿਰਾਸਤ ’ਚ ਲਏ ਜਾਣ ਵੇਲੇ ਕਾਰਕੁਨਾਂ ਨੇ ਪੰਜਾਬ ਸਰਕਾਰ ਨੂੰ ਕੋਸਦਿਆਂ ਆਖਿਆ ਕਿ ਕਰੀਬ ਛੇ ਮਹੀਨੇ ਤੋਂ ਉਹ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੱਕਾ ਧਰਨਾ ਲਾਈ ਬੈਠੇ ਹਨ, ਪਰ ਸੂਬਾ ਸਰਕਾਰ ਵੱਲੋਂ ਬੇਰੁਜ਼ਗਾਰ ਈਈਈ ਟੈੱਟ ਪਾਸ ਅਧਿਆਪਕਾਂ ਪ੍ਰਤੀ ਕੋਈ ਧਿਆਨ ਨਾ ਦੇਣ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ।
ਪੰਜਾਬ ਭਰ ’ਚੋਂ ਆਏ ਕਾਰਕੁਨ ਪਹਿਲਾਂ ਨਹਿਰੂ ਪਾਰਕ ’ਚ ਇਕੱਠੇ ਹੋਏ, ਜਿਥੋਂ ਉਹ ਪੈਦਲ ਮਾਰਚ ਕਰ ਕੇ ਨਿਊ ਮੋਤੀ ਬਾਗ ਪੈਲੇਸ ਵੱਲ ਵਧੇ। ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਵਾਈ.ਪੀ.ਐੱਸ ਚੌਕ ਕੋਲ ਹੀ ਰੋਕ ਲਿਆ। ਅਜਿਹੇ ਦੌਰਾਨ ਸੱਤ ਕਾਰਕੁਨ ਪੁਲੀਸ ਨੂੰ ਝਕਾਨੀ ਦਿੰਦਿਆਂ ਆਟੋ ਜ਼ਰੀਏ ਪੈਲੇਸ ਦੇ ਮੇਨ ਗੇਟ ਤੱਕ ਅੱਪੜ ਗਏ। ਇਨ੍ਹਾਂ ਵਿੱਚ ਸੋਨੂ ਬਾਵਾ ਜਲਾਲਾਬਾਦ, ਅਮਿਤ ਜਲਾਲਾਬਾਦ, ਜਤਿੰਦਰ ਜਲਾਲਾਬਾਦ, ਨਰਿੰਦਰ ਪਾਲ ਸੰਗਰੂਰ, ਅਕਵਿੰਦਰ ਬਰਨਾਲਾ, ਸੋਨੀਆ ਪਟਿਆਲਾ ਤੇ ਰਾਜਵੀਰ ਮੁਕਤਸਰ ਸ਼ਾਮਲ ਸਨ।
ਸਬੰਧਿਤ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਨੇ ਗਿਲਾ ਕੀਤਾ ਕਿ ਪੁਲੀਸ ਨੇ ਮਹਿਲ ਦੇ ਮੇਨ ਗੇਟ ਕੋਲ ਅੱਪੜੇ ਕਾਰਕੁਨਾਂ ਨੂੰ ਹਿਰਾਸਤ ’ਚ ਲੈਣ ਵੇਲੇ ਕਥਿਤ ਖਿੱਚ-ਧੂਹ ਕੀਤੀ ਹੈ। ਅਜਿਹੇ ਦੌਰਾਨ ਵਾਈ.ਪੀ.ਐੱਸ ਚੌਕ ’ਚ ਪ੍ਰਦਰਸ਼ਨ ਕਰ ਰਹੇ ਪੰਜ ਆਗੂ ਕਾਰਕੁਨਾਂ ਦੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਗੱਲਬਾਤ ਕਰਵਾਈ ਗਈ। ਗੱਲਬਾਤ ਦੌਰਾਨ ਪ੍ਰਨੀਤ ਕੌਰ ਨੇ ਸੋਮਵਾਰ ਨੂੰ ਵਫ਼ਦ ਦੀ ਸਿੱਖਿਆ ਸਕੱਤਰ ਨਾਲ ਦੁਵੱਲੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਮਗਰੋਂ ਮੁਜ਼ਾਹਰਾਕਾਰੀਆਂ ਨੇ ਰੋਸ ਪ੍ਰਦਰਸ਼ਨ ਨੂੰ ਖਤਮ ਕਰ ਦਿੱਤਾ ਤੇ ਪੁਲੀਸ ਨੇ ਹਿਰਾਸਤ ’ਚ ਲਏ ਸੱਤੇ ਕਾਰਕੁਨ ਵੀ ਰਿਹਾਅ ਕਰ ਦਿੱਤੇ।