ਕੈਪਟਨ ਨੇ ਫਸਲੀ ਚੱਕਰ ਬਦਲਣ ਲਈ ਵਿਸ਼ਵ ਬੈਂਕ ਤੋਂ ਮਦਦ ਮੰਗੀ

ਕੈਪਟਨ ਨੇ ਫਸਲੀ ਚੱਕਰ ਬਦਲਣ ਲਈ ਵਿਸ਼ਵ ਬੈਂਕ ਤੋਂ ਮਦਦ ਮੰਗੀ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਫਸਲੀ ਵੰਨ-ਸੁਵੰਨਤਾ ਵੱਲ ਮੋੜਨ ਲਈ ਵਿਸ਼ਵ ਬੈਂਕ ਤੋਂ ਤਕਨੀਕੀ ਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ ਜਿਸ ਦਾ ਮਨੋਰਥ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਪਾਣੀ ਦੀ ਸੰਭਾਲ ਯਕੀਨੀ ਬਣਾਉਣਾ ਹੈ। ਅੱਜ ਇੱਥੇ ਵਿਸ਼ਵ ਬੈਂਕ ਦੇ ਖੇਤੀਬਾੜੀ ਤੇ ਪਾਣੀ ਬਾਰੇ ਆਲਮੀ ਡਾਇਰੈਕਟਰ ਡਾ. ਜਿਉਰੇਗਨ ਵੋਇਗੇਲੇ ਦੀ ਅਗਵਾਈ ਵਿੱਚ ਮਿਲੇ ਵਫ਼ਦ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਚਲਾਏ ਗਏ ਪ੍ਰੋਗਰਾਮਾਂ ਸਦਕਾ ਅਨੇਕਾਂ ਕਿਸਾਨਾਂ ਨੇ ਰਵਾਇਤੀ ਫਸਲਾਂ ਦੀ ਕਾਸ਼ਤ ਤਿਆਗ ਕੇ ਬਦਲਵੀਆਂ ਫਸਲਾਂ ਅਪਣਾਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਤਕਨੀਕੀ ਤੇ ਵਿੱਤੀ ਮਦਦ ਦੀ ਲੋੜ ਹੈ ਜਿਸ ਲਈ ਵਿਸ਼ਵ ਬੈਂਕ ਮਦਦ ਕਰ ਸਕਦਾ ਹੈ। ਕੈਪਟਨ ਨੇ ਸੂਬੇ ਦੇ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਫਸਲੀ ਵੰਨ-ਸੁਵੰਨਤਾ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਲੇ ਪ੍ਰਾਜੈਕਟਾਂ ਦਾ ਖਾਕਾ ਤਿਆਰ ਕਰਕੇ ਵਿਸ਼ਵ ਬੈਂਕ ਨੂੰ ਸੌਂਪਿਆ ਜਾਵੇ ਤਾਂ ਜੋ ਬੈਂਕ ਪਾਸੋਂ ਤਕਨੀਕੀ ਤੇ ਵਿੱਤੀ ਸਹਾਇਤਾ ਹਾਸਲ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਵਿਸ਼ਵ ਬੈਂਕ ਨੂੰ ਪੰਜਾਬ ਵਿੱਚੋਂ ਫਲ ਤੇ ਪਸ਼ੂਧਨ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਸਹਾਇਤਾ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਖੇਤੀ ਸਬਸਿਡੀਆਂ ਨੂੰ ਉਤਪਾਦਨ ਤੋਂ ਵੱਖ ਕਰਨ ਦੀ ਤਜਵੀਜ਼ ਰੱਖੀ ਅਤੇ ਖੇਤੀ ਵੰਨ-ਸੁਵੰਨਤਾ ਲਈ ਕਿਸਾਨਾਂ ਨੂੰ ਪ੍ਰਭਾਵੀ ਮੰਡੀਕਰਨ ਦਾ ਢਾਂਚਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਪਰਾਲੀ ਸਾੜਨ ਦਾ ਮੁੱਦਾ ਵੀ ਉੱਠਿਆ ਅਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਖਤਰਨਾਕ ਅਮਲ ਵਿਰੁੱਧ ਵਿੱਢੀ ਮੁਹਿੰਮ ਨੂੰ ਸਫਲ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਲੋੜ ਹੈ।
ਵਫ਼ਦ ਦੇ ਨੁਮਾਇੰਦੇ ਨੇ ਸੂਬਾ ਸਰਕਾਰ ਦੇ ‘ਪਾਣੀ ਬਚਾਓ, ਪੈਸਾ ਕਮਾਓ’ ਵਰਗੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਖੇਤੀ ਵਿਭਿੰਨਤਾ ਤੇ ਪਾਣੀ ਦੀ ਸੰਭਾਲ ਸਬੰਧੀ ਸੂਬਾ ਸਰਕਾਰ ਦੇ ਯਤਨਾਂ ਨੂੰ ਵਿਸ਼ਵ ਬੈਂਕ ਪਾਸੋਂ ਪੂਰੀ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ। ਮੀਟਿੰਗ ਵਿੱਚ ਪੀਏਯੂ ਦੇ ਉੱਪ ਕੁਲਪਤੀ ਬਲਦੇਵ ਸਿੰਘ ਢਿੱਲੋਂ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ, ਪੰਜਾਬ ਦੇ ਕੋਆਰਡੀਨੇਟਰ ਭਾਵਨਾ ਭਾਟੀਆ, ਟਿਕਾਊ ਵਿਕਾਸ ਪ੍ਰੋਗਰਾਮ ਦੇ ਮੁਖੀ ਸੁਮਿਲਾ ਗੁਲਿਆਣੀ ਅਤੇ ਸੀਨੀਅਰ ਖੇਤੀ ਮਾਹਿਰ ਮਨੀਵਾਨਨ ਪਾਥੀ ਸ਼ਾਮਲ ਸਨ।
 

Radio Mirchi