ਕੈਲੀਫੋਰਨੀਆ ਦੇ ਸਕੂਲ ’ਚ ਸਿੱਖ ਵਿਦਿਆਰਥੀ ਨਾਲ ਧੱਕੜਸ਼ਾਹੀ, ਯੂਨਾਈਟਿਡ ਸਿੱਖਜ਼ ਨੇ ਲਿਆ ਸਖਤ ਸਟੈਂਡ
ਕੈਲੀਫੋਰਨੀਆ (ਅਜਮੇਰ ਸਿੰਘ ਅਪਰਾ): ਡੀ ਅੰਜਾ ਹਾਈ ਸਕੂਲ ਵਿਖੇ ਇਕ ਸਿੱਖ ਲੜਕੇ ਨਾਲ ਧੱਕੜਸ਼ਾਹੀ (ਬੁਲਿੰਗ) ਦੀਆਂ ਕਈ ਭਿਆਨਕ ਘਟਨਾਵਾਂ ਵਾਪਰਨ ਤੋਂ ਬਾਅਦ, ਯੂਨਾਈਟਿਡ ਸਿੱਖਸ ਕਾਨੂੰਨੀ ਟੀਮ ਗਿੱਲ ਪਰਿਵਾਰ ਲਈ ਜਿੱਤ ਦੀ ਘੋਸ਼ਣਾ ਕਰਦੀ ਹੈ, ਜਿਸ ਨੇ ਨੁਮਾਇੰਦਗੀ ਲਈ ਸੰਯੁਕਤ ਰਾਸ਼ਟਰ ਨਾਲ ਜੁੜੇ ਮਨੁੱਖਤਾਵਾਦੀ ਸੰਗਠਨ ਨਾਲ ਸੰਪਰਕ ਕੀਤਾ। ਗਿੱਲ ਪਰਿਵਾਰ ਦੇ ਹਾਈ ਸਕੂਲ ਦੇ ਬੱਚੇ ਜੋ ਕਿ ਗੁੰਮਨਾਮ ਰਹਿਣ ਦੀ ਇੱਛਾ ਰੱਖਦੇ ਹਨ, ਨੂੰ ਉਸਦੇ ਧਾਰਮਿਕ ਵਿਸ਼ਵਾਸ, ਉਸਦੀ ਪੱਗ ਅਤੇ ਕੇਸਾਂ (ਵਾਲਾਂ) ਸਮੇਤ ਸਕੂਲ ਵਿਚ ਗੁੰਡਾਗਰਦੀ ਦਾ ਨਿਸ਼ਾਨਾ ਬਣਾਇਆ ਗਿਆ। ਯੂਨਾਈਟਿਡ ਸਿੱਖਸ ਨੇ ਇਸ ਮਾਮਲੇ ਨੂੰ ਲੈ ਕੇ ਤੁਰੰਤ ਸਕੂਲ ਡਿਸਟ੍ਰਿਕਟ ਦੇ ਅਧਿਕਾਰੀਆਂ ਨੂੰ ਮੁਆਫੀ ਮੰਗਣ, ਧੱਕੜਸ਼ਾਹੀ ਰੋਕਥਾਮ ਯੋਜਨਾ ਅਤੇ ਫੈਕਲਟੀ ਲਈ ਸਿੱਖ ਜਾਗਰੂਕਤਾ ਸਿਖਲਾਈ ਦੀ ਮੰਗ ਕੀਤੀ।
ਇਸ ਦੇ ਜਵਾਬ ਵਿਚ ਸੁਪਰਡੈਂਟ ਮੈਟ ਡੱਫੀ ਨੇ ਗਿੱਲ ਪਰਿਵਾਰ ਨਾਲ ਮੁਲਾਕਾਤ ਕਰਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਮੁਆਫੀ ਮੰਗੀ। ਇਸ ਤੋਂ ਇਲਾਵਾ ਡੀ ਅੰਜਾ ਹਾਈ ਸਕੂਲ ਵਿਚ ਪ੍ਰਿੰਸੀਪਲ ਸਮਰਲਿਨ ਸਿਗਲਰ ਅਤੇ ਅਧਿਆਪਕਾਂ ਨੇ ਇਸ ਹਫਤੇ ਯੂਨਾਈਟਿਡ ਸਿੱਖਸ ਸਿਵਲ ਰਾਈਟਸ ਐਡਵੋਕੇਟਸ ਤੋਂ ਸਿੱਖ ਜਾਗਰੂਕਤਾ ਅਤੇ ਧੱਕੜਸ਼ਾਹੀ ਵਿਰੋਧੀ ਸਿਖਲਾਈ ਲਈ। ਸਿੱਖ ਲੜਕਾ ਜਿਸਨੇ ਧੱਕੜਸ਼ਾਹੀ ਦਾ ਦਰਦ ਝੱਲਿਆ, ਘਟਨਾ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਦੇ ਕਾਰਨ ਐਲ ਸੇਰਿਟੋ ਦੇ ਇੱਕ ਹੋਰ ਹਾਈ ਸਕੂਲ ਵਿੱਚ ਦਾਖਲ ਹੋ ਗਿਆ ਹੈ।
ਸੱਭਿਆਚਾਰਕ ਅਤੇ ਧਾਰਮਿਕ ਜਾਗਰੂਕਤਾ ਦੀ ਮਹੱਤਤਾ ਨੂੰ ਹੋਰ ਉਜਾਗਰ ਕਰਨ ਲਈ, ਪੱਛਮੀ ਕੋਨਟਰਾ ਕੋਸਟਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਵਿਖੇ ਸਿੱਖਿਆ ਬੋਰਡ ਨੇ 500 ਤੋਂ ਵੱਧ ਮਾਪਿਆਂ ਅਤੇ ਕਮਿਉਨਿਟੀ ਨਿਵਾਸੀਆਂ ਦੀ ਭੀੜ ਅੱਗੇ ਗਿੱਲ ਪਰਿਵਾਰ ਅਤੇ ਯੂਨਾਈਟਿਡ ਸਿੱਖਸ ਦੇ ਨੁਮਾਇੰਦਿਆਂ ਨੂੰ ਸਿੱਖਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦਾ ਸਨਮਾਨ ਕਰਦਿਆਂ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਪੰਜਾਬੀ ਪ੍ਰਤੀ ਜਾਗਰੂਕਤਾ ਲਈ ਪੇਸ਼ ਕੀਤਾ। 20 ਨਵੰਬਰ ਨੂੰ ਸਿੱਖ ਜਾਗਰੂਕਤਾ ਮਹੀਨੇ ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਜਨਮ ਦਿਵਸ ਦੇ ਸਨਮਾਨ ਵਿੱਚ ਇਹ ਐਲਾਨਨਾਮਾ ਕੀਤਾ ਗਿਆ ਸੀ।
ਯੂਨਾਈਟਿਡ ਸਿੱਖਸ ਲੀਗਲ ਦੇ ਡਾਇਰੈਕਟਰ ਜਸਮੀਤ ਸਿੰਘ ਨੇ ਕਿਹਾ,''ਜ਼ਿਆਦਾਤਰ ਸਿੱਖ ਧਰਮ ਦੇ ਵਿਸ਼ਵਾਸ ਦੇ ਚਿੰਨ੍ਹਾਂ ਕਾਰਨ ਸਿੱਖ ਬੱਚਿਆਂ ਨੂੰ ਕੌਮੀ ਦਰ ਨਾਲੋਂ ਦੁੱਗਣੀ ਦਰ ਨਾਲ ਧੱਕੜਸ਼ਾਹੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਅਸੀਂ ਵੈਸਟ ਕੋਨਟਰਾ ਕੋਸਟਾ ਯੂਨੀਫਾਈਡ ਸਕੂਲ ਜ਼ਿਲੇ ਨਾਲ ਕੰਮ ਕਰਨ ਦੀ ਉਮੀਦ ਕਰਦੇ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਅਜਿਹੀਆਂ ਘਟਨਾਵਾਂ ਨੂੰ ਜਾਗਰੂਕਤਾ ਅਤੇ ਕਾਨੂੰਨ ਦੇ ਜ਼ਰੀਏ ਰੋਕਿਆ ਜਾਏ। ਇਹ ਸਾਡੇ ਸਾਰਿਆਂ ਲਈ ਇਕ ਸਿਖਾਉਣ ਵਾਲਾ ਪਲ ਹੈ।’’