ਕੋਈ ਵੀ ਗੱਲਬਾਤ ਬਾਦਲਾਂ ਨੂੰ ਕਿਸਾਨਾਂ ’ਤੇ ਖੇਤੀ ਕਾਨੂੰਨ ਥੋਪਣ ’ਚ ਨਿਭਾਈ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੀ : ਕੈਪਟਨ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਨਾਰਾਜ਼ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਏ ਗਏ ਪੈਨਲ ਦਾ ਮਜ਼ਾਕ ਉਡਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਕੋਈ ਵੀ ਗੱਲਬਾਤ ਬਾਦਲਾਂ ਨੂੰ ਕਿਸਾਨ ਭਾਈਚਾਰੇ ’ਤੇ ਘਿਨਾਉਣੇ ਅਤੇ ਗੈਰ-ਜਮਹੂਰੀ ਖੇਤੀ ਕਾਨੂੰਨ ਥੋਪਣ ਵਿਚ ਨਿਭਾਈ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੀ।
ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਜਿੱਥੇ ਇਸ ਸਾਰੀ ਸਮੱਸਿਆ ਦੀ ਜੜ੍ਹ ਹਨ, ਉਥੇ ਹੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਦੀ ਸਾਜ਼ਿਸ਼ ਵਿਚ ਵੀ ਇਨ੍ਹਾਂ ਦੀ ਮਿਲੀਭੁਗਤ ਸੀ, ਜਿਸ ਕਰਕੇ ਅਕਾਲੀ ਨਾ ਤਾਂ ਕਿਸਾਨਾਂ ਨਾਲ ਸਮਝ ਪੈਦਾ ਕਰਨ ਜਾਂ ਮੁਆਫੀ ਦੇ ਲਾਇਕ ਹਨ ਅਤੇ ਨਾ ਹੀ ਇਸ ਦੀ ਕੋਈ ਆਸ ਰੱਖ ਸਕਦੇ ਹਨ।
ਕੈਪਟਨ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਅਕਾਲੀਆਂ ਦੇ ਰਵੱਈਏ ਦੀ ਮਿਸਾਲ ਤਾਂ ਇਸ ਗੱਲ ਤੋਂ ਮਿਲ ਜਾਂਦੀ ਹੈ ਕਿ ਹੁਣ ਵੀ ਕਿਸਾਨਾਂ ਦੀ ਪੀੜ ਦਾ ਅਹਿਸਾਸ ਕਰਨ ਦੀ ਬਜਾਏ ਸੁਖਬੀਰ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਮੰਨਣ ਤੋਂ ਹੀ ਇਨਕਾਰੀ ਹੋ ਰਿਹਾ ਹੈ ਅਤੇ ਇੱਥੋਂ ਤਕ ਕਿ ਕਿਸਾਨਾਂ ਦੀ ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਪ੍ਰਤੀ ਵਫਾਦਾਰੀ ਹੋਣ ਦੇ ਦੋਸ਼ ਲਾ ਕੇ ਸਗੋਂ ਉਨ੍ਹਾਂ ਨੂੰ ਬੇਇੱਜ਼ਤ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਤੁਸੀਂ (ਸੁਖਬੀਰ) ਇਕ ਕਿਸਾਨ ਨੂੰ ਪਛਾਣ ਤੱਕ ਨਹੀਂ ਸਕਦੇ ਤਾਂ ਫਿਰ ਤੁਸੀਂ ਕਿਸਾਨਾਂ ਦਾ ਭਰੋਸਾ ਅਤੇ ਵਿਸ਼ਵਾਸ ਹਾਸਲ ਕਰਨ ਦੀ ਉਮੀਦ ਕਿਵੇਂ ਰੱਖ ਸਕਦੇ ਹੋ। ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਦੀ ਧਰਤੀ ਦਾ ਸੱਚਾ ਪੁੱਤਰ ਹੀ ਆਪਣੇ ਲੋਕਾਂ ਅਤੇ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਦਾ ਅਸਲ ਹਮਦਰਦ ਹੋ ਸਕਦਾ ਹੈ।
ਉਨ੍ਹਾਂ ਨੇ ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦੇਣ ਅਤੇ ਕਿਸਾਨਾਂ ਨਾਲ ਗੱਲਬਾਤ ਚਲਾਉਣ ਲਈ ਪੈਨਲ ਦਾ ਗਠਨ ਕੀਤੇ ਜਾਣ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨੂੰ ਰਿਝਾਉਣ ਦਾ ਬੁਖਲਾਹਟ ਭਰਿਆ ਕਦਮ ਦੱਸਿਆ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸਾਨ ਅਤੇ ਪੰਜਾਬ ਦੇ ਲੋਕ ਮੂਰਖ ਨਹੀਂ ਹਨ ਅਤੇ ਇਨ੍ਹਾਂ ਨੂੰ ਝੂਠਾਂ ਜ਼ਰੀਏ ਮੂਰਖ ਬਣਾਉਣ ਦੀਆਂ ਤੁਹਾਡੀ ਕੋਸ਼ਿਸ਼ਾਂ ਉਲਟਾ ਤੁਹਾਡੇ ਖਿਲਾਫ਼ ਹੀ ਭੁਗਤਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਨੇ ਤੁਹਾਨੂੰ ਪੂਰੀ ਤਰ੍ਹਾਂ ਅਤੇ ਸਪੱਸ਼ਟ ਤੌਰ ’ਤੇ ਨਕਾਰ ਦਿੱਤਾ ਕਿਉਂ ਜੋ ਤੁਸੀਂ ਪਹਿਲਾਂ ਤਾਂ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 10 ਸਾਲ ਸੂਬੇ ਨੂੰ ਲੁੱਟਿਆ ਅਤੇ ਉਸ ਤੋਂ ਬਾਅਦ ਕਿਸਾਨਾਂ ’ਤੇ ਖੇਤੀ ਕਾਨੂੰਨੀ ਜਬਰੀ ਮੜ੍ਹਨ ਵਿਚ ਵੀ ਤੁਸੀਂ ਭਾਜਪਾ ਨਾਲ ਸਾਂਝ ਪੁਗਾਈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਸਮੁੱਚੀ ਵਿਧਾਨਕ ਪ੍ਰਕਿਰਿਆ ਮੌਕੇ ਸ਼੍ਰੋਮਣੀ ਅਕਾਲੀ ਦਲ, ਕੇਂਦਰ ਵਿਚ ਐੱਨ.ਡੀ.ਏ. ਸਰਕਾਰ ਦਾ ਅਨਿੱਖੜਵਾਂ ਅੰਗ ਸੀ ਅਤੇ ਹਰਸਿਮਰਤ ਬਾਦਲ ਕੇਂਦਰੀ ਵਜ਼ਾਰਤ ਦਾ ਹਿੱਸਾ ਸੀ, ਜਿਸ ਨੇ ਆਰਡੀਨੈਂਸਾਂ ਨੂੰ ਮਨਜ਼ੂਰੀ ਦਿੱਤੀ, ਜੋ ਕਿਸਾਨਾਂ ਲਈ ਮੌਤ ਦੀ ਘੰਟੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਐੱਨ.ਡੀ.ਏ. ਨਾਲੋਂ ਅਲਹਿਦਾ ਹੋਣ ਦੀ ਨੌਟੰਕੀ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਤੋਂ ਵੱਧ ਕੁਝ ਵੀ ਨਹੀਂ ਹੈ।