ਕੋਰੋਨਾ ਟੀਕਿਆਂ ਦੀ ਬੂਸਟਰ ਖੁਰਾਕ ਨੂੰ ਲੈ ਕੇ WHO ਦਾ ਆਇਆ ਵੱਡਾ ਬਿਆਨ, ਕੀਤੀ ਇਹ ਅਪੀਲ
ਸੰਯੁਕਤ ਰਾਸ਼ਟਰ/ਜੇਨੇਵਾ : ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਸਤੰਬਰ ਦੇ ਅੰਤ ਤਕ ਕੋਰੋਨਾ ਟੀਕਿਆਂ ਦੀ ਬੂਸਟਰ ਖੁਰਾਕ ’ਤੇ ਰੋਕ ਲਾਉਣ ਦੀ ਬੁੱਧਵਾਰ ਅਪੀਲ ਕਰਦਿਆਂ ਗਰੀਬ ਤੇ ਅਮੀਰ ਦੇਸ਼ਾਂ ਵਿਚਾਲੇ ਟੀਕਾਕਰਨ ਅੰਤਰ ’ਤੇ ਚਿੰਤਾ ਪ੍ਰਗਟ ਕੀਤੀ। ਡਬਲਯੂ. ਐੱਚ. ਓ. ਦੇ ਡਾਇਰੈਕਟਰ ਟੇਡ੍ਰੋਸ ਅਧੋਨਮ ਗੇਬ੍ਰੇਯਸਸ ਨੇ ਜੇਨੇਵਾ ’ਚ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਅਮੀਰ ਦੇਸ਼ਾਂ ’ਚ ਪ੍ਰਤੀ 100 ਲੋਕਾਂ ਨੂੰ ਹੁਣ ਤਕ ਟੀਕਿਆਂ ਦੀਆਂ ਤਕਰੀਬਨ 100 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਦਕਿ ਟੀਕੇ ਦੀ ਸਪਲਾਈ ਦੀ ਘਾਟ ’ਚ ਘੱਟ ਆਮਦਨ ਵਾਲੇ ਦੇਸ਼ਾਂ ’ਚ ਪ੍ਰਤੀ 100 ਵਿਅਕਤੀਆਂ ’ਤੇ ਸਿਰਫ 1.5 ਖੁਰਾਕਾਂ ਦਿੱਤੀਆਂ ਜਾ ਸਕੀਆਂ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਟੀਕਿਆਂ ਦਾ ਵੱਡਾ ਹਿੱਸਾ ਜ਼ਿਆਦਾ ਆਮਦਨ ਵਾਲੇ ਦੇਸ਼ਾਂ ’ਚ ਜਾਣ ਦੇਣ ਦੀ ਨੀਤੀ ਨੂੰ ਜਲਦ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੇ ਅਨੁਸਾਰ ਡਬਲਯੂ. ਐੱਚ. ਓ. ਬੂਸਟਰ ਖੁਰਾਕ ਦਿੱਤੇ ਜਾਣ ’ਤੇ ਘੱਟ ਤੋਂ ਘੱਟ ਸਤੰਬਰ ਦੇ ਅੰਤ ਤਕ ਰੋਕ ਲਾਉਣ ਦੀ ਅਪੀਲ ਕਰ ਰਿਹਾ ਹੈ ਤਾਂ ਕਿ ਘੱਟ ਤੋਂ ਘੱਟ 10 ਫੀਸਦੀ ਆਬਾਦੀ ਨੂੰ ਟੀਕਾ ਲੱਗ ਜਾਵੇ। ਡਬਲਯੂ. ਐੱਚ. ਓ. ਅਧਿਕਾਰੀਆਂ ਨੇ ਕਿਹਾ ਕਿ ਵਿਗਿਆਨ ’ਚ ਅਜੇ ਇਹ ਗੱਲ ਸਾਬਿਤ ਨਹੀਂ ਹੋਈ ਹੈ ਕਿ ਟੀਕੇ ਦੀਆਂ ਦੋ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ ਬੂਸਟਰ ਖੁਰਾਕ ਦੇਣਾ ਕੋਰੋਨਾ ਵਾਇਰਸ ਦਾ ਪ੍ਰਸਾਰ ਰੋਕਣ ’ਚ ਪ੍ਰਭਾਵੀ ਹੋਵੇਗਾ। ਡਬਲਯੂ. ਐੱਚ. ਓ. ਨੇ ਵਾਰ-ਵਾਰ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਕਾਸਸ਼ੀਲ ਦੇਸ਼ਾਂ ਤਕ ਟੀਕਿਆਂ ਦੀ ਪਹੁੰਚ ’ਚ ਸੁਧਾਰ ਲਈ ਹੋਰ ਕਦਮ ਉਠਾਉਣ।